19 ਜੂਨ (ਪੰਜਾਬੀ ਖਬਰਨਾਮਾ):ਬੈਲਟ ਤੋਂ ਬਾਹਰ ਝਾਕਦਾ ਢਿੱਡ ਤੁਹਾਡੀ ਸਿਹਤ ਤੇ ਪਰਸਨੈਲਿਟੀ ਦੋਹਾਂ ਲਈ ਬੁਰਾ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਤੁਸੀਂ ਕੋਈ ਵਰਕਆਊਟ ਕਰੋ ਤੇ ਸਰੀਰ ਉੱਤੇ ਜੰਮੀ ਵਾਧੂ ਫੈਟ ਨੂੰ ਖਤਮ ਕਰੋ। ਪਰ ਵਰਕਆਊਟ ਲਈ ਕਿਸੇ ਜਿੰਮ ਜਾਂ ਪਾਰਕ ਆਦਿ ਤੱਕ ਜਾਣਾ ਪੈਂਦਾ ਹੈ, ਇਸ ਲਈ ਹਰ ਰੋਜ਼ ਇਕ ਨਿਸਚਿਤ ਸਮਾਂ ਦੇਣਾ ਪੈਂਦਾ ਹੈ। ਬਿਨਾਂ ਸ਼ੱਕ ਆਪਣੀ ਸਿਹਤ ਲਈ ਸਮਾਂ ਕੱਢਣਾ ਜ਼ਰੂਰੀ ਹੁੰਦਾ ਹੈ, ਪਰ ਹਰ ਇਨਸਾਨ ਕੋਲ ਅਜਿਹਾ ਸਮਾਂ ਤੇ ਸਪੇਸ ਨਹੀਂਂ ਹੁੰਦੀ ਕਿ ਉਹ ਹਰ ਰੋਜ਼ ਵਰਕਆਊਟ ਕਰਨ ਜਾ ਸਕੇ। ਅਜਿਹੇ ਵਿਚ ਤੁਸੀਂ ਕੁਝ ਇਕ ਅਜਿਹੀਆਂ ਕਸਰਤਾਂ ਦੀ ਚੋਣ ਕਰ ਸਕਦੇ ਹੋ ਜੋ ਤੁਸੀਂ ਉੱਠਣ ਸਾਰ ਆਪਣੇ ਬਿਸਤਰ ਉੱਤੇ ਹੀ ਕਰ ਸਕਦੇ ਹੋ। ਇਹ ਕਸਰਤਾਂ ਤੁਹਾਡੀ ਬਾੱਡੀ ਫੈਟ ਨੂੰ ਖਤਮ ਕਰਨ ਵਿਚ ਸਹਾਇਤਾ ਕਰਨਗੀਆਂ। ਆਓ ਤੁਹਾਨੂੰ ਅਜਿਹੀਆਂ ਕੁਝ ਆਸਾਨ ਕਸਰਤਾਂ ਦੱਸੀਏ ਜੋ ਹਰ ਰੋਜ਼ ਤੁਸੀਂ ਘਰ ਵਿਚ ਹੀ ਕਰ ਸਕਦੇ ਹੋ –
ਇਹ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀ ਇਕ ਕਸਰਤ ਹੈ। ਕਰੰਚੇਜ (Crunches) ਕਰਨ ਨਾ ਬੈਲੀ ਫੈਟ ਖੁਰਨ ਲਗਦੀ ਹੈ। ਇਸ ਕਸਰਤ ਨੂੰ ਕਰਨ ਲਈ ਬੈੱਡ ਜਾਂ ਜ਼ਮੀਨ ਉੱਤੇ ਪਿੱਠ ਦੇ ਭਾਰ ਲੇਟ ਜਾਓ। ਆਪਣੀਆਂ ਲੱਤਾਂ ਨੂੰ ਮੋੜ ਲਵੋ। ਗੋਢਿਆਂ ਨੂੰ ਛੱਤ ਵੱਲ ਕਰੋ। ਇਸ ਤੋਂ ਬਾਅਦ ਆਪਣੇ ਦੋਵੇਂ ਹੱਥ ਸਿਰ ਦੇ ਪਾਸਿਆਂ ਦੀ ਪਿੱਛੇ ਲਗਾਓ ਤੇ ਫੇਰ ਉੱਪਰਲੀ ਧੜ ਨੂੰ ਉੱਪਰ ਉਠਾਉਂਦੇ ਹੋਏ, ਗੋਢਿਆਂ ਵੱਲ ਸਿਰ ਲਿਜਾਓ। ਸ਼ੁਰੂ ਸ਼ੁਰੂ ਵਿਚ ਤੁਹਾਨੂੰ ਇਹ ਕਸਰਤ ਮੁਸ਼ਕਿਲ ਲੱਗ ਸਕਦੀ ਹੈ, ਪਰ ਹੌਲੀ ਹੌਲੀ ਤੁਹਾਡੇ ਲਈ ਕਸਰਤ ਸਹਿਜ ਹੋ ਜਾਵੇਗੀ। ਤੁਸੀਂ 5 ਤੋਂ 10 ਕਰੰਚੇਜ ਨਾਲ ਸ਼ੁਰੂਆਤ ਕਰ ਸਕਦੇ ਹੋ। ਇਸ ਤੋਂ ਬਾਅਦ ਹੌਲੀ ਹੌਲੀ ਆਪਣੇ ਕਰੰਚੇਜ ਦੀ ਗਿਣਤੀ ਵਧਾਉਂਦੇ ਰਹੋ।
ਪਲੈਂਕ (Planks) ਵੀ ਤੁਸੀਂ ਆਪਣੇ ਬਿਸਤਰ ਜਾਂ ਜ਼ਮੀਨ ਉੱਤੇ ਅਸਾਨੀ ਨਾਲ ਕਰ ਸਕਦੇ ਹੋ। ਇਹ ਕਸਰਤ ਡੰਡ ਮਾਰਨ ਦਾ ਆਸਾਨ ਵਰਜਨ ਹੈ। ਇਸ ਲਈ ਪੇਟ ਦੇ ਬਲ ਲੇਟ ਜਾਓ। ਫਿਰ ਆਪਣੇ ਸਰੀਰ ਦਾ ਭਾਰ ਕੂਹਣੀਆਂ ਉੱਤੇ ਤੋਲਦੇ ਹੋਏ ਬ੍ਰਿਜ ਬਣਾ ਲਵੋ। ਇਸ ਨਾਲ ਪੇਟ ਦੀਆਂ ਮਾਸਪੇਸ਼ੀਆਂ ਉੱਤੇ ਖਿਚਾਅ ਪਵੇਗਾ। ਇਕ ਪਲੈਂਕ ਨੂੰ 20 ਸੈਕਿੰਡ ਤੱਕ ਹੋਲਡ ਕਰੋ। ਇਸ ਨਾਲ ਪੇਟ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣ ਲਗਦੀਆਂ ਹਨ। ਹੌਲੀ ਹੌਲੀ ਤੁਹਾਡਾ ਸਟੈਮਨਾ ਵਧਣ ਲੱਗੇਗਾ, ਇਸ ਤਰ੍ਹਾਂ ਆਪਣੇ ਹੌਲਡ ਦਾ ਸਮਾਂ ਵਧਾਉਂਦੇ ਜਾਓ।
ਲੈੱਗ ਰੇਜ (Leg Raise) ਯਾਨੀ ਲੱਤ ਨੂੰ ਉਪਰ ਉਠਾਉਣਾ। ਇਹ ਕਸਰਤ 6 ਪੈਕ ਐਬਸ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਵਿਚ ਪੇਟ ਦੀਆਂ ਮਾਸਪੇਸ਼ੀਆਂ ਕਾਰਜਸ਼ੀਲ ਹੁੰਦੀਆਂ ਹਨ, ਜਿਸ ਸਦਕਾ ਬੈਲੀ ਫੈਟ ਖੁਰਦੀ ਹੈ। ਇਸ ਕਸਰਤ ਨੂੰ ਕਰਨ ਲਈ ਬੈੱਡ ਉੱਤੇ ਛੱਤ ਵੱਲ ਮੂੰਹ ਕਰਕੇ ਲੇਟ ਜਾਓ । ਆਪਣੀਆਂ ਦੋਵਾਂ ਲੱਤਾਂ ਨੂੰ ਆਪਸ ਵਿਚ ਜੋੜਕੇ ਉੱਪਰ ਵੱਲ 45 ਡਿਗਰੀ ਦੇ ਕੌਣ ਤੱਕ ਉਠਾਓ। ਲੱਤਾਂ ਉੱਪਰ ਲਿਆ ਕੇ ਹੋਲਡ ਕਰੋ। ਇਹ ਹੋਲਡ ਅੱਧੇ ਤੋਂ ਇਕ ਮਿੰਟ ਦਾ ਹੋ ਸਕਦਾ ਹੈ। ਸਟੈਮਿਨਾ ਵਧਣ ਦੇ ਨਾਲ ਤੁਸੀਂ ਆਪਣਾ ਹੌਲਡ ਤੇ ਲੈੱਗ ਰੇਜ ਦੀ ਗਿਣਤੀ ਵਧਾਅ ਲਵੋ। ਇਹਨਾਂ ਕਸਰਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲਵੋ, ਤੁਹਾਡੀ ਬੈਲੀ ਫੈਟ ਗਾਇਬ ਹੋ ਜਾਵੇਗੀ।