19 ਜੂਨ (ਪੰਜਾਬੀ ਖਬਰਨਾਮਾ): ਚੇਨਈ ਤੋਂ ਮੁੰਬਈ ਜਾ ਰਹੇ ਇੰਡੀਗੋ ਦੇ ਜਹਾਜ਼ ਨੂੰ ਮੰਗਲਵਾਰ ਰਾਤ 10:24 ਵਜੇ ਬੰਬ ਦੀ ਧਮਕੀ ਮਿਲੀ। ਇਸ ਤੋਂ ਬਾਅਦ ਜਹਾਜ਼ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੈਂਡਿੰਗ ਤੋਂ ਬਾਅਦ, ਜਹਾਜ਼ ਨੂੰ ਆਈਸੋਲੇਸ਼ਨ ਬੇ ‘ਚ ਲਿਜਾਇਆ ਗਿਆ, ਜਿੱਥੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਕਰਮਚਾਰੀਆਂ ਵਲੋਂ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਇਸ ਜਹਾਜ਼ (6E 5149) ‘ਚ 196 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸਵਾਰ ਸਨ।
ਘਟਨਾ ਬਾਰੇ ਇੰਡੀਗੋ ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ, “ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਲਿਆ ਗਿਆ। ਯਾਤਰੀਆਂ ਨੂੰ ਉਤਾਰਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਜਾਂਚ ‘ਚ ਪੂਰਾ ਸਹਿਯੋਗ ਕੀਤਾ ਗਿਆ। ਸਾਰੀਆਂ ਸੁਰੱਖਿਆ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ ਜਹਾਜ਼ ਨੂੰ ਵਾਪਸ ਟਰਮੀਨਲ ਏਰੀਆ ਵਿੱਚ ਲਿਜਾਇਆ ਗਿਆ।”
41 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ
ਤੁਹਾਨੂੰ ਦੱਸ ਦਈਏ ਕਿ ਮੰਗਲਵਾਰ (19 ਜੂਨ 2024) ਨੂੰ CSMIA ਸਮੇਤ ਦੇਸ਼ ਭਰ ਦੇ 41 ਹਵਾਈ ਅੱਡਿਆਂ ‘ਤੇ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ ਸਨ। ਹਾਲਾਂਕਿ ਇਹ ਸਾਰੀਆਂ ਧਮਕੀਆਂ ਝੂਠੀਆਂ ਸਾਬਤ ਹੋਈਆਂ। ਪੀਟੀਆਈ ਨੇ ਮੁੰਬਈ ਹਵਾਈ ਅੱਡੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਧਮਕੀਆਂ ਦਾ ਹਵਾਈ ਸੇਵਾਵਾਂ ‘ਤੇ ਕੋਈ ਅਸਰ ਨਹੀਂ ਪਿਆ।
ਹਰ ਏਅਰਪੋਰਟ ਨੂੰ ਮਿਲਿਆ ਇਕੋ ਵਰਗਾ ਮੈਸੇਜ
ਸਾਰੇ ਹਵਾਈ ਅੱਡਿਆਂ ਨੂੰ ਮਿਲੀ ਈਮੇਲ ਵਿੱਚ ਲਗਭਗ ਇਹੀ ਸੰਦੇਸ਼ ਲਿਖਿਆ ਗਿਆ ਸੀ। ਮੈਸੇਜ ‘ਚ ਕਿਹਾ ਗਿਆ ਸੀ, “ਹੈਲੋ, ਏਅਰਪੋਰਟ ‘ਚ ਵਿਸਫੋਟਕ ਲੁਕਾਏ ਗਏ ਹਨ। ਜਲਦ ਹੀ ਬੰਬ ਫਟਣਗੇ। ਤੁਸੀਂ ਸਾਰੇ ਮਰ ਜਾਓਗੇ।” “KNR” ਨਾਮਕ ਇੱਕ ਔਨਲਾਈਨ ਸਮੂਹ ਨੂੰ ਇਹਨਾਂ ਝੂਠੇ ਧਮਕੀ ਈਮੇਲਾਂ ਦੇ ਪਿੱਛੇ ਹੋਣ ਦਾ ਸ਼ੱਕ ਹੈ।
ਜਾਣਕਾਰੀ ਮੁਤਾਬਕ ਪਿਛਲੇ ਦੋ ਦਿਨਾਂ ‘ਚ ਮੁੰਬਈ ਦੇ ਕਰੀਬ 60 ਹਸਪਤਾਲਾਂ ਨੂੰ ਵੀ ਬੰਬ ਦੀ ਧਮਕੀ ਮਿਲੀ ਸੀ। ਇਨ੍ਹਾਂ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਹਸਪਤਾਲ ਸ਼ਾਮਲ ਹਨ। ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਹਸਪਤਾਲਾਂ ਨੇ ਈਮੇਲ ਮਿਲਣ ਤੋਂ ਬਾਅਦ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੂਰੀ ਜਾਂਚ ਕੀਤੀ ਗਈ। ਈਮੇਲ ਵਿੱਚ ਕਿਹਾ ਗਿਆ ਹੈ ਕਿ ਬੰਬ ਬੈੱਡਾਂ ਦੇ ਹੇਠਾਂ ਅਤੇ ਪਖਾਨਿਆਂ ਵਿੱਚ ਰੱਖੇ ਗਏ ਸਨ। ਹਸਪਤਾਲਾਂ ਵਿੱਚ ਇੱਕ ਫੌਰੀ ਆਪਰੇਸ਼ਨ ਚਲਾਇਆ ਗਿਆ ਸੀ, ਪਰ ਕੁਝ ਨਹੀਂ ਹੋਇਆ। ਪਰ ਕੁਝ ਨਹੀਂ ਮਿਲਿਆ।”