18 ਜੂਨ (ਪੰਜਾਬੀ ਖਬਰਨਾਮਾ): ਪੰਜਾਬ ‘ਚ ਚੱਲ ਰਹੀ ਲੂ ਤੇ ਝੋਨੇ ਦੀ ਲੁਆਈ ਦੁਆਰਾ ਬਿਜਲੀ ਦੀ ਵੱਧ ਰਹੀ ਮੰਗ ਨੇ ਚਿੰਤਾ ਵਧਾ ਦਿੱਤੀ ਹੈ। 15 ਦਿਨਾਂ ਦੌਰਾਨ ਸੂਬੇ ‘ਚ ਬਿਜਲੀ ਦੀ ਮੰਗ ’ਚ 40 ਫ਼ੀਸਦ ਵਾਧਾ ਹੋਇਆ ਹੈ। ਮੰਗ ਦੇ ਇਸੇ ਤਰ੍ਹਾਂ ਬਰਕਰਾਰ ਰਹਿਣ ’ਤੇ ਪੰਜਾਬ ਨੂੰ ਭਾਰੀ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਸੋਮਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ ਦੁਪਹਿਰ ਸਵਾ 12 ਵਜੇ 15470 ਮੈਗਾਵਾਟ ਦਰਜ ਕੀਤੀ ਗਈ ਹੈ ਜਦੋਂਕਿ ਦੋ ਵਜੇ ਦੇ ਨੇੜੇ ਬਿਜਲੀ ਦੀ ਮੰਗ ਘਟ ਕੇ 11819 ਮੈਗਾਵਾਟ ਤੱਕ ਪੁੱਜ ਗਈ। ਇਸ ਤੋਂ ਬਾਅਦ 3 ਵਜੇ ਤੋਂ ਬਿਜਲੀ ਦੀ ਮੰਗ 15141 ਮੈਗਾਵਾਟ ਨਾਲ ਮੁੜ ਵਧਣੀ ਸ਼ੁਰੂ ਹੋ ਗਈ। ਇਸ ਸਾਲ ਦੀ ਜੂਨ ਮਹੀਨੇ ’ਚ ਹੁਣੇ ਹੀ ਸਭ ਤੋਂ ਵੱਧ ਮੰਗ 15471 ਰਹੀ ਅਤੇ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਕਾਰਨ ਖੇਤੀਬਾੜੀ ਲੋਡ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਬਿਜਲੀ ਦੀ ਸਥਿਤੀ ਬੇਕਾਬੂ ਹੋ ਸਕਦੀ ਹੈ।
ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਨੇ ਮੁੱਖ ਮੰਤਰੀ ਨੂੰ ਆਉਣ ਵਾਲੇ ਬਿਜਲੀ ਸੰਕਟ ਤੋਂ ਬਚਾਅ ਲਈ ਪੱਤਰ ਲਿਖਿਆ ਹੈ। ਦੂਬੇ ਨੇ ਕਿਹਾ ਕਿ ਬਿਜਲੀ ਦੀ ਉਪਲੱਬਧਤਾ ਤੇ ਸਪਲਾਈ ਦੀ ਸਥਿਤੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਰਕਾਰ ਨੇ ਬਿਜਲੀ ਦੀ ਮੰਗ ’ਤੇ ਕਾਬੂ ਪਾਉਣ ਲਈ ਕੋਈ ਯਤਨ ਨਹੀਂ ਕੀਤਾ ਹੈ। ਸਥਿਤੀ ਇਸੇ ਤਰਾਂ ਚੱਲਦੀ ਰਹੀ ਤਾਂ ਗਰਿੱਡ ਵਿਚ ਗੜਬੜੀ ਹੋਣ ਦੀ ਕਾਫੀ ਸੰਭਾਵਨਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਫੈਡਰੇਸ਼ਨ ਤੁਹਾਨੂੰ ਭਾਰਤ ਵਿੱਚ ਸਭ ਤੋਂ ਕੁਸ਼ਲ ਅਤੇ ਲੋਕ-ਪੱਖੀ ਮੁੱਖ ਮੰਤਰੀ ਮੰਨਦਾ ਹੈ, ਇਸ ਲਈ ਬਿਜਲੀ ਦੀ ਖਪਤ ਨੂੰ ਕੰਟਰੋਲ ਕਰਨ ਲਈ ਪਹਿਲਕਦਮੀਆਂ ਦੀ ਲੋੜ ਹੈ।
- ਦਫ਼ਤਰ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲਿਆ ਜਾਵੇ।
- ਸਾਰੇ ਵਪਾਰਕ ਅਦਾਰੇ, ਮਾਲ, ਦੁਕਾਨਾਂ ਸ਼ਾਮ 7 ਵਜੇ ਬੰਦ ਹੋਣੀਆਂ ਚਾਹੀਦੀਆਂ ਹਨ।
- ਉਦਯੋਗਾਂ ‘ਤੇ ਪੀਕ ਲੋਡ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
- ਪੰਜਾਬ ਰਾਜ ਦੇ ਬਾਕੀ ਰਹਿੰਦੇ ਖੇਤਰਾਂ ਵਿੱਚ ਝੋਨੇ ਦੀ ਬਿਜਾਈ 25 ਜੂਨ ਨੂੰ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਤਰੀਕ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।
- ਪੂਸਾ 44 ਵਰਗੀਆਂ ਪਾਣੀ ਦੀਆਂ ਗੰਧਲੀਆਂ ਕਿਸਮਾਂ ‘ਤੇ ਪਾਬੰਦੀ ਲਗਾਈ ਜਾਵੇ ਅਤੇ 90 ਦਿਨਾਂ ਵਿੱਚ ਪੱਕਣ ਵਾਲੀਆਂ ਪੀਆਰ 126, ਬਾਸਮਤੀ ਆਦਿ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
- ਐਨਐਸਏ ਦੇ ਤਹਿਤ ਬਿਜਲੀ ਦੀ ਚੋਰੀ ਨੂੰ ਅਪਰਾਧ ਵਜੋਂ ਕਵਰ ਕੀਤਾ ਜਾਣਾ ਚਾਹੀਦਾ ਹੈ।
- ਰਾਜ ਦੀ ਨੀਤੀ ਵਜੋਂ ਮੁਫਤ ਬਿਜਲੀ ਦੀ ਤੁਰੰਤ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
- ਕੇਂਦਰੀ ਪੂਲ ਤੋਂ ਘੱਟੋ-ਘੱਟ 1000 ਮੈਗਾਵਾਟ ਵਾਧੂ ਬਿਜਲੀ ਦੀ ਅਲਾਟਮੈਂਟ ਕਰਨ ਲਈ ਭਾਰਤ ਸਰਕਾਰ ਦੇ ਬਿਜਲੀ ਮੰਤਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬਿਜਲੀ ਬੰਦ ਦੀਆਂ ਸ਼ਿਕਾਇਤਾਂ
ਸੋਮਵਾਰ ਨੂੰ ਬਾਅਦ ਦੁਪਹਿਰ ਚਾਰ ਵਜੇ ਤੱਕ 67 ਹਜਾਰ 361 ਬਿਜਲੀ ਬੰਦ ਦੀ ਸ਼ਿਕਾਇਤਾਂ ਮਿਲੀਆਂ। ਇਨ੍ਹਾਂ ਵਿਚੋਂ ਸਭ ਤੋਂ ਵੱਧ 5331 ਸ਼ਿਕਾਇਤਾਂ ਲੁਧਿਆਣਾ ਤੋਂ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ ਪੰਜਾਬ ਵਿੱਚ 89 ਫੀਡਰ 2 ਤੋਂ 6 ਘੰਟੇ ਤੱਕ ਬੰਦ ਰਹੇ ਹਨ। 16 ਜੂਨ ਨੂੰ 95 ਹਜਾਰ ਅਤੇ 15 ਜੂਨ ਨੂੰ ਇੱਕ ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਪਾਵਰਕਾਮ ਵੱਲੋਂ ਸੋਮਵਾਰ ਨੂੰ ਲੁਧਿਆਣਾ, ਅਬੋਹਰ, ਪਠਾਨਕੋਟ, ਅੰਮਿ੍ਤਸਰ, ਅਨੰਦਪੁਰ ਸਾਹਿਬ, ਬਠਿੰਡਾ, ਦੋਰਾਹਾ, ਕਾਦੀਆਂ, ਫਿਰੋਜ਼ਪੁਰ ਤੇ ਮਾਹਿਲਪੁਰ ਦੇ ਕਈ ਇਲਾਕਿਆਂ ਵਿੱਚ ਅੱਧੇ ਘੰਟੇ ਤੋਂ ਢਾਈ ਘੰਟੇ ਤੱਕ ਦੇ ਕੱਟ ਲੱਗਣ ਦੀ ਅਗਾਊਂ ਸੂਚਨਾ ਵੀ ਦਿੱਤੀ ਗਈ।