ਨਵੀਂ ਦਿੱਲੀ 17 ਜੂਨ 2024 (ਪੰਜਾਬੀ ਖਬਰਨਾਮਾ) : ਵਿਗਿਆਨ ਤੇ ਵਾਤਾਵਰਨ ਕੇਂਦਰ (ਸੀਐੱਸਈ) ਦੀ ਜਨਰਲ ਡਾਇਰੈਕਟਰ ਤੇ ਦੇਸ਼ ਦੀ ਮੁੱਖ ਵਾਤਾਵਰਨਵਾਦੀ ਸੁਨੀਤਾ ਨਾਰਾਇਣ ਦਾ ਕਹਿਣਾ ਹੈ ਕਿ ਭਾਰਤ ਇਸ ਸਾਲ ਅੱਤ ਦੀ ਗਰਮੀ ਨਾਲ ਜੂਝ ਰਿਹਾ ਹੈ। ਕੋਈ ਵੀ ਇਸ ਪੱਧਰ ਦੀ ਗਰਮੀ ਲਈ ਤਿਆਰ ਨਹੀਂ ਹੈ। ਉਨ੍ਹਾਂ ਤਾਪ-ਸੂਚਕਅੰਕ (ਹੀਟ ਇੰਡੈਕਸ) ਜਾਰੀ ਕਰਨ ਤੇ ਆਧੁਨਿਕ ਸ਼ਹਿਰਾਂ ’ਚ ਕੱਚ ਦੇ ਘਰਾ ਬਣਾਉਣ ਤੋਂ ਬਚਣ ਤੇ ਢਾਂਚੇ ’ਚ ਬਦਲਾਅ ਦੀ ਸਲਾਹ ਦਿੱਤੀ ਹੈ।

ਸੁਨੀਤਾ ਨਾਰਾਇਣ ਨੇ ਐਤਵਾਰ ਨੂੰ ਇਕ ਇੰਟਰਵਿਊ ’ਚ ਕਿਹਾ ਕਿ ਦੇਸ਼ ’ਚ ਹੁਣ ਤੱਕ ਦੀ ਸਭ ਤੋਂ ਭਿਆਨਕ ਗਰਮੀ ਪੈ ਰਹੀ ਹੈ। ਕਈ ਹਿੱਸਿਆਂ ’ਚ ਲਗਾਤਾਰ 50 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਬਣਿਆ ਹੋਇਆ ਹੈ। ਦਿੱਲੀ ’ਚ 2002 ’ਚ ਸਭ ਤੋਂ ਵੱਧ 49.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਸੀ। ਇਸ ਸਾਲ 27 ਮਈ ਨੂੰ ਤਾਪਮਾਨ 49.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਤਾਪਮਾਨ ਨੇ ਦਿੱਲੀ ’ਚ ਨਵਾਂ ਰਿਕਾਰਡ ਬਣਾ ਲਿਆ ਹੈ। ਭਾਰਤ ਦੇ ਸਭ ਤੋਂ ਵੱਡੇ ਹਿੱਸੇ ’ਚ ਭਿਆਨਕ ਗਰਮੀ ਦਾ ਕਾਰਨ ਕੁਦਰਤੀ ਤੌਰ ’ਤੇ ਹੋਣ ਵਾਲੀ ਅਲਨੀਨੋ ਘਟਨਾ ਤੇ ਵਾਤਾਵਰਨ ਤਬਦੀਲੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਇਸ ਲਈ ਤਿਆਰ ਨਹੀਂ ਹੈ। ਆਲਮੀ ਪੱਧਰ ’ਤੇ ਸਭ ਤੋਂ ਗਰਮ ਸਾਲ 2023 ਸੀ। ਅਸੀਂ ਪਿਛਲੇ 45 ਦਿਨਾਂ ’ਚ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਤਾਪਮਾਨ ਲਗਾਤਾਰ 40 ਡਿਗਰੀ ਤੋਂ ਉਪਰ ਰਹਿਣ ਕਾਰਨ ਗਰਮੀ ਉਬਾਲੇ ਮਾਰ ਰਹੀ ਹੈ। ਇਹ ਵਾਤਾਵਰਨ ਤਬਦੀਲੀ ਕਾਰਨ ਹੋ ਰਿਹਾ ਹੈ। ਇਸ ਸਾਲ ਅਲਨੀਨੋ ਦੇ ਘੱਟ ਹੋਣ ਨਾਲ ਇਹ ਹੋਰ ਵੀ ਮੁਸ਼ਕਿਲ ਹੋ ਗਿਆ। ਇਸ ਨਾਲ ਨਜਿੱਠਣ ਲਈ ਹਰ ਦਿਸ਼ਾ ’ਚ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਇਹ ਯਕੀਨੀ ਕਰਨਾ ਹੋਵੇਗਾ ਕਿ ਸਭ ਤੋਂ ਵੱਧ ਪ੍ਰਭਾਵਿਤ ਭਾਈਚਾਰਿਆਂ ’ਤੇ ਮੁਸੀਬਤ ਘੱਟ ਹੋਵੇ।

ਨਾਰਾਇਣ ਨੇ ਹੀਟ ਇੰਡੈਕਸ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸਾਨੂੰ ਫੋਨ ’ਤੇ ਮੌਜੂਦ ਹਵਾ ਦੀ ਗੁਣਵੱਤਾ ਸੂਚਕਅੰਕ ਦੇ ਬਰਾਬਰ ਹੀਟ ਇੰਡੈਕਸ ਦੀ ਲੋੜ ਹੈ। ਏਕਿਊਆਈ ਤੁਹਾਨੂੰ ਹਵਾ ਪ੍ਰਦੂਸ਼ਣ ਦੇ ਪੱਧਰ ਤੇ ਤੁਹਾਡੀ ਸਿਹਤ ’ਤੇ ਇਸਦੇ ਪ੍ਰਭਾਵ ਸਬੰਧੀ ਦੱਸਦਾ ਹੈ। ਇਸ ਨਾਲ ਜਾਣਿਆ ਜਾ ਸਕੇਗਾ ਕਿ ਕੀ ਕਾਰਵਾਈ ਕਰਨ ਦੀ ਲੋੜ ਹੈ। ਗਰਮੀ ਸਿਰਫ ਤਾਪਮਾਨ ਹੀ ਨਹੀਂ, ਨਮੀ ਬਾਰੇ ਵੀ ਹੈ। ਭਾਰਤੀ ਮੌਸਮ ਵਿਭਾਗ ਨੇ ਪਿਛਲੇ ਸਾਲ ਅਪ੍ਰੈਲ ’ਚ ਦੇਸ਼ ਦੇ ਵੱਖ ਵੱਖ ਹਿੱਸਿਆਂ ਲਈ ਪ੍ਰਯੋਗ ਵਜੋਂ ਸੂਚਕਅੰਕ ਜਾਰੀ ਕਰਨਾ ਸ਼ੁਰੂ ਕੀਤਾ ਸੀ। ਭਾਰਤ ਛੇਤੀ ਹੀ ਆਪਣੀ ਪ੍ਰਣਾਲੀ ਲਿਆਵੇਗਾ, ਜੋ ਤਾਪਮਾਨ ਤੇ ਨਮੀ ਦੇ ਨਾਲ ਹੀ ਹਵਾ ਤੇ ਸਮੇਂ ਵਰਗੇ ਮਾਪਦੰਡ ਵੀ ਦੱਸੇਗੀ। ਇਹ ਹੀਟ ਹਜ਼ਾਰਡ ਸਕੋਰ ਨਾਮੀ ਇਕ ਬਹੁ ਪੈਰਾਮੀਟਰ ਉਤਪਾਦ ਹੈ।

ਨਵੇਂ ਵਾਸਤੂ ਵਿਗਿਆਨ ਦੀ ਲੋੜ ’ਤੇ ਜ਼ੋਰ

ਨਾਰਾਇਣ ਨੇ ਕਿਹਾ ਕਿ ਗਰਮੀ ਦੀਆਂ ਲਹਿਰਾਂ ਆਧੁਨਿਕ ਕੱਚ ਦੀਆਂ ਇਮਾਰਤਾਂ ਨੂੰ ਭੱਠੀਆਂ ’ਚ ਬਦਲ ਰਹੀਆਂ ਹਨ, ਜਿਸ ਨਾਲ ਇਥੇ ਰਹਿਣ ਵਾਲਿਆਂ ਦੀ ਗਰਮੀ ਕਾਰਨ ਹਾਲਤ ਖਰਾਬ ਹੋ ਰਹੀ ਹੈ। ਉਨ੍ਹਾਂ ਇਸ ਗਰਮੀ ਨਾਲ ਨਜਿੱਠਣ ਲਈ ਨਵੇਂ ਵਾਸਤੂ ਵਿਗਿਆਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਤੁਹਾਡੀ ਸਭ ਤੋਂ ਵੱਡੀ ਚੁਣੌਤੀ ਹੈ ਕਿ ਸ਼ਹਿਰਾਂ ਦੇ ਮੁੜ ਵਸੇਬੇ ਕਿਵੇਂ ਕੀਤੇ ਜਾਣ। ਗੁਰੂਗ੍ਰਾਮ ਨੂੰ ਦੇਖੋ, ਇਥੇ ਸਭ ਕੁਝ ਕੱਚ ਨਾਲ ਬਣਿਆ ਹੈ। ਕੱਚ ਤੇ ਫਾਈਬਰ ਨਾਲ ਬਣੀਆਂ ਇਮਾਰਤਾਂ ਗਰਮ ਵਾਤਾਵਰਨ ਲਈ ਸਭ ਤੋਂ ਖ਼ਰਾਬ ਚੀਜ਼ ਸਾਬਿਤ ਹੋ ਸਕਦੀਆਂ ਹਨ।

ਸ਼ਹਿਰੀਕਰਨ ਨੇ ਸ਼ਹਿਰਾਂ ’ਚ ਵਧਾਈ ਗਰਮੀ

ਤੇਜ਼ੀ ਨਾਲ ਸ਼ਹਿਰੀਕਰਨ ਨੇ ਸ਼ਹਿਰੀ ਖੇਤਰਾਂ ’ਚ ਗਰਮੀ ਨੂੰ ਵਧਾ ਦਿੱਤਾ ਹੈ, ਜਿਸਦਾ ਖਮਿਆਜ਼ਾ ਬਾਹਰੀ ਮਜ਼ਦੂਰਾਂ ਤੇ ਘੱਟ ਤਨਖਾਹ ਵਾਲੇ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਆਈਐੱਮਡੀ ਦੇ ਅੰਕੜਿਆਂ ਅਨੁਸਾਰ, ਦੇਸ਼ ਦੇ 36 ਉਪ ਵਿਭਾਗਾਂ ’ਚੋਂ 14 ’ਚ ਇਕ ਮਾਰਚ ਤੋਂ ਨੌਂ ਜੂਨ ਤੱਕ 15 ਤੋਂ ਵੱਧ ਹੀਟਵੇਵ ਦਿਨ (ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੇ ਆਮ ਨਾਲੋਂ 4.5 ਡਿਗਰੀ ਵੱਧ ਹੁੰਦਾ ਹੈ) ਦਰਜ ਕੀਤੇ ਗਏ। ਸਿਹਤ ਮੰਤਰਾਲੇ ਅਨੁਸਾਰ ਮਾਰਚ ਤੋਂ ਮਈ ਵਿਚਾਲੇ ਭਾਰਤ ’ਚ 25 ਹਜ਼ਾਰ ਲੋਕ ਹੀਟ ਸਟਰੋਕ ਦੇ ਸ਼ਿਕਾਰ ਹੋਏ ਤੇ ਗਰਮੀ ਕਾਰਨ ਬਿਮਾਰੀਆਂ ਨਾਲ 56 ਲੋਕਾਂ ਦੀ ਮੌਤ ਹੋ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।