13 ਜੂਨ (ਪੰਜਾਬੀ ਖਬਰਨਾਮਾ):ਜ਼ਬਰਦਸਤ ਗਰਮੀ ਤੇ ਲੂ ਦੀ ਚਪੇਟ ’ਚ ਆਏ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸੂਬੇ ਬੁੱਧਵਾਰ ਨੂੰ ਤੰਦੂਰ ਵਾਂਗ ਤਪੇ। ਹਾਲਤ ਇਹ ਰਹੀ ਕਿ ਬਹੁਤੀ ਥਾਈਂ ਤਾਪਮਾਨ ਆਮ ਨਾਲੋਂ ਛੇ ਤੋਂ ਸੱਤ ਡਿਗਰੀ ਸੈਲਸੀਅਸ ਤੱਕ ਵੱਧ ਦਰਜ ਕੀਤਾ ਗਿਆ। ਗਰਮੀ ਤੇ ਲੂ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

ਪੰਜਾਬ ਦੇ ਕਈ ਜ਼ਿਲ੍ਹੇ ਬੁੱਧਵਾਰ ਨੂੰ ਜ਼ਬਰਦਸਤ ਗਰਮੀ ਤੇ ਲੂ ਦੀ ਚਪੇਟ ’ਚ ਰਹੇ। ਲੁਧਿਆਣਾ ਤੇ ਬਠਿੰਡਾ ’ਚ ਅੱਤ ਦੀ ਲੂ ਚੱਲੀ। ਇਨ੍ਹਾਂ ਜ਼ਿਲ੍ਹਿਆਂ ’ਚ ਦੁਪਹਿਰ 12 ਤੋਂ ਸ਼ਾਮ ਚਾਰ ਵਜੇ ਦੌਰਾਨ ਜ਼ਬਰਦਸਤ ਗਰਮੀ ਰਹੀ। ਓਧਰ ਅੰਮ੍ਰਿਤਸਰ, ਪਠਾਨਕੋਟ, ਪਟਿਆਲਾ, ਗੁਰਦਾਸਪੁਰ ਤੇ ਚੰਡੀਗੜ੍ਹ ’ਚ ਵੀ ਲੂ ਦੀ ਚਪੇਟ ’ਚ ਰਹੇ। ਵਿਭਾਗ ਮੁਤਾਬਕ ਪੰਜਾਬ ’ਚ ਫ਼ਰੀਦਕੋਟ ਸਭ ਤੋਂ ਗਰਮ ਰਿਹਾ, ਇੱਥੇ ਦਿਨ ਦਾ ਤਾਪਮਾਨ 47.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਛੇ ਡਿਗਰੀ ਜ਼ਿਆਦਾ ਸੀ। ਇਸੇ ਤਰ੍ਹਾਂ ਪਠਾਨਕੋਟ ’ਚ 47.4, ਅੰਮ੍ਰਿਤਸਰ ’ਚ 46.0, ਚੰਡੀਗੜ੍ਹ ’ਚ 45.5, ਲੁਧਿਆਣਾ ’ਚ 45, ਪਟਿਆਲਾ ’ਚ 45.3 ਤੇ ਬਠਿੰਡਾ ’ਚ 45.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਨ੍ਹਾਂ ਸਾਰੇ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ 6.1 ਤੋਂ 6.6 ਡਿਗਰੀ ਸੈਲਸੀਅਸ ਵੱਧ ਰਿਹਾ। ਉੱਥੇ ਹੀ ਗੁਰਦਾਸਪੁਰ ਤੇ ਫਿਰੋਜ਼ਪੁਰ ’ਚ 45.0, ਰੂਪਨਗਰ ’ਚ 44.2, ਬਰਨਾਲਾ ’ਚ 44.3 ਤੇ ਜਲੰਧਰ ’ਚ 43.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ।

 ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਵੀਰਵਾਰ ਨੂੰ ਵੀ ਪੰਜਾਬ ’ਚ ਲੂ ਤੇ ਅੱਤ ਲੂ ਦੀ ਸਥਿਤੀ ਬਣੀ ਰਹੇਗੀ। ਕਈ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 47 ਤੋਂੱ 48 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਸ਼ੁੱਕਰਵਾਰ ਨੂੰ ਪੰਜਾਬ ’ਚ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਓਧਰ ਗਰਮੀਆਂ ’ਚ ਸੈਰ ਸਪਾਟੇ ਦੇ ਕੇਂਦਰ ਰਹਿਣ ਵਾਲੇ ਉੱਤਰਾਖੰਡ ਦੇ ਮੈਦਾਨੀ ਇਲਾਕੇ ਵੀ ਜ਼ਬਰਦਸਤ ਗਰਮੀ ਦੀ ਮਾਰ ਹੇਠ ਹਨ। ਬੁੱਧਵਾਰ ਨੂੰ ਦੇਹਰਾਦੂਨ ਦਾ ਵੱਧ ਤੋਂ ਵੱਧ ਤਾਪਮਾਨ 41.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ, ਊਨਾ, ਬਿਲਾਸਪੁਰ, ਸੋਲਨ, ਸਿਰਮੌਰ ਤੇ ਮੰਡੀ ਦੇ ਹੇਠਲੇ ਇਲਾਕਿਆਂ ’ਚ ਸ਼ਨਿਚਰਵਾਰ ਤੱਕ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ 10 ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਰਿ ਹਾ।

ਹਾਲੇ ਰਾਹਤ ਦੇ ਆਸਾਰ ਨਹੀਂ, ਮੌਨਸੂਨ ਦੀ ਰਫ਼ਤਾਰ ਮੱਠੀ ਪਈ

ਜ਼ਬਰਦਸਤ ਗਰਮੀ ਤੇ ਲੂ ਦੀ ਮਾਰ ਝੱਲ ਰਹੇ ਉੱਤਰ ਭਾਰਤ ਦੇ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਵਰਗੇ ਸੂਬਿਆਂ ਨੂੰ ਫਿਲਹਾਲ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਾਲ 2016 ਤੋਂ ਬਾਅਦ ਪ੍ਰੀ ਮੌਨਸੂਨ ਦਾ ਇਹ ਸੀਜ਼ਨ ਸਭ ਤੋਂ ਗਰਮ ਹੋ ਸਕਦਾ ਹੈ। ਇਸ ਦਾਅਵੇ ’ਤੇ ਮੌਸਮ ਵਿਭਾਗ ਚੁੱਪ ਧਾਰੀ ਬੈਠਾ ਹੈ, ਪਰ ਕੇਂਦਰੀ ਧਰਤੀ ਵਿਗਿਆਨ ਮੰਤਰਾਲੇ ਦੇ ਸਾਬਕਾ ਸਕੱਤਰ ਇਸ ਦੀ ਪੁਸ਼ਟੀ ਕਰ ਰਹੇ ਹਨ। ਸਕਾਈਮੇਟ ਨੇ ਵੀ ਇਸ ਅਨੁਮਾਨ ਨਾਲ ਸਹਿਮਤੀ ਪ੍ਰਗਟਾਈ ਹੈ।

ਮੌਸਮ ਵਿਗਿਆਨੀਆਂ ਮੁਤਾਬਕ ਦੱਖਣੀ ਗੁਜਰਾਤ, ਉੱਤਰੀ ਮਹਾਰਾਸ਼ਟਰ ਤੇ ਵਿਦਰਭ ਦੇ ਕੁਝ ਹਿੱਸਿਆਂ ਤੱਕ ਪੁੱਜਣ ਮਗਰੋਂ ਮੌਨਸੂਨ ਦੀ ਰਫ਼ਤਾਰ ਮੱਠੀ ਪੈਣ ਲੱਗੀ ਹੈ। ਅਗਲੇ ਚਾਰ ਤੋਂ ਪੰਜ ਦਿਨ ਯਾਨੀ 17 ਜੂਨ ਤੱਕ ਇਹ ਬਹੁਤ ਮੱਠੀ ਰਫ਼ਤਾਰ ਨਾਲ ਅੱਗੇ ਵਧੇਗਾ। ਮੌਨਸੂਨ ਦੇ ਮੱਠਾ ਪੈਣ ਕਾਰਨ ਗਰਮੀ ਤੇ ਲੂ ਦਾ ਕਹਿਰ ਅੱਠ ਤੋਂ 10 ਦਿਨ ਤੱਕ ਹੋਰ ਲੰਬਾ ਖਿੱਚ ਸਕਦਾ ਹੈ। ਅਨੁਮਾਨ ਹੈ ਕਿ 17 ਜੂਨ ਤੋਂ ਬਾਅਦ ਮੌਨਸੂਨ ਦੋਬਾਰਾ ਰਫ਼ਤਾਰ ਫੜੇਗਾ ਤੇ ਪੂਰਬੀ ਭਾਰਤ ਹੁੰਦੇ ਹੋਏ ਉੱਤਰ ਭਾਰਤ ਵੱਲ ਵਧੇਗਾ। ਜੇਕਰ ਸਭ ਕੁਝ ਠੀਕ-ਠਾਕ ਰਿਹਾ ਤਾਂ 22-23 ਜੂਨ ਨੂੰ ਉੱਤਰੀ ਸੂਬਿਆਂ ’ਚ ਪ੍ਰੀ ਮੌਨਸੂਨ ਦੀ ਸਰਗਰਮੀ ਦੇਖੀ ਜਾ ਸਕਦੀ ਹੈ। ਯਾਨੀ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ’ਚ ਬੱਦਲ ਛਾ ਸਕਦੇ ਹਨ, ਹਲਕੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਇਸ ਨੂੰ ਮੌਨਸੂਨ ਦੀ ਦਸਤਕ ਨਹੀਂ ਕਿਹਾ ਜਾ ਸਕਦਾ। ਯਾਨੀ ਦਿੱਲੀ ’ਚ ਮੌਨਸੂਨ ਦੀ ਆਮਦ 27 ਜੂਨ ਦੇ ਨੇੜੇ-ਤੇੜੇ ਹੋ ਸਕਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।