11 ਜੂਨ (ਪੰਜਾਬੀ ਖਬਰਨਾਮਾ):ਬੀਤੇ ਸਮੇਂ ’ਚ ਕਈ ਵਾਰ ਰਿਸ਼ਤੇ ਸੁਧਾਰਨ ਦੀ ਗੱਲ ਕਰਨ ਵਾਲੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਸੱਤਾਧਾਰੀ ਸਿਆਸੀ ਪਾਰਟੀ ਪੀਐੱਮਐੱਲ (ਐੱਨ) ਦੇ ਪ੍ਰਧਾਨ ਨਵਾਜ਼ ਸ਼ਰੀਫ ਨੇ ਭਾਰਤ ਦੇ ਪੀਐੱਮ ਨਰਿੰਦਰ ਮੋਦੀ ਨੂੰ ਵਧਾਈ ਸੰਦੇਸ਼ ਭੇਜਿਆ ਹੈ ਤੇ ਇਕ ਵਾਰ ਫਿਰ ਦੁਵੱਲੇ ਰਿਸ਼ਤਿਆਂ ਨੂੰ ਸੁਧਾਰਨ ਦੀ ਪੇਸ਼ਕਸ਼ ਕੀਤੀ ਹੈ। ਇਸਦੇ ਨਾਲ ਹੀ ਪਾਕਿਸਤਾਨ ਦੇ ਪੀਐੱਮ ਤੇ ਨਵਾਜ਼ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਵੀ ਪੀਐੱਮ ਮੋਦੀ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਵਧਾਈ ਦਿੱਤੀ ਹੈ। ਪਾਕਿ ਪੀਐੱਮ ਨੇ ਐਕਸ ’ਤੇ ਲਿਖਿਆ ਕਿ ਪੀਐੱਮ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ’ਤੇ ਤੁਹਾਨੂੰ ਵਧਾਈ। ਉਧਰ, ਪੀਐੱਮ ਮੋਦੀ ਨੇ ਵਧਾਈ ਦੇਣ ’ਤੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹਬਾਜ਼ ਤੇ ਸਾਬਕਾ ਪੀਐੱਮ ਨਵਾਜ਼ ਸ਼ਰੀਫ ਦਾ ਧੰਨਵਾਦ ਕੀਤਾ।
ਪੀਐੱਮਐੱਲ (ਐੱਨ) ਪ੍ਰਧਾਨ ਨਵਾਜ਼ ਸ਼ਰੀਫ ਦਾ ਵਧਾਈ ਸੰਦੇਸ਼ ਵੱਧ ਅਰਥਪੂਰਨ ਹੈ। ਉਨ੍ਹਾਂ ਐਕਸ ’ਤੇ ਹੀ ਪੀਐੱਮ ਮੋਦੀ ਨੂੰ ਸੰਬੋਧਨ ਕਰਦੇ ਹੋਏ ਲਿਖਿਆ, ਤੀਜੀ ਵਾਰ ਪੀਐੱਮ ਦੀ ਜ਼ਿੰਮੇਵਾਰੀ ਸੰਭਾਲਣ ’ਤੇ ਤੁਹਾਨੂੰ ਦਿਲੀ ਵਧਾਈ। ਹਾਲ ਹੀ ਵਿਚ ਸੰਪੰਨ ਹੋਈਆਂ ਚੋਣਾਂ ’ਚ ਤੁਹਾਡੀ ਪਾਰਟੀ ਨੂੰ ਮਿਲੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੂੰ ਤੁਹਾਡੀ ਅਗਵਾਈ ’ਤੇ ਕਿੰਨਾ ਵਿਸ਼ਵਾਸ ਹੈ। ਆਓ, ਮਿਲ ਕੇ ਨਫ਼ਰਤ ਦੀ ਥਾਂ ਸਦਭਾਵ ਨੂੰ ਅੱਗੇ ਵਧਾਈਏ ਤੇ ਦੱਖਣੀ ਏਸ਼ੀਆ ਦੇ ਦੋ ਅਰਬ ਲੋਕਾਂ ਦੀ ਤਕਦੀਰ ਨੂੰ ਬਣਾਉਣ ਦੇ ਇਸ ਮੌਕੇ ਨੂੰ ਜਾਣ ਨਾ ਦੇਈਏ।’ ਮੋਦੀ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਨਵਾਜ਼ ਸ਼ਰੀਫ ਨੂੰ ਜਵਾਬ ਦਿੰਦੇ ਹੋਏ ਕਿਹਾ, ‘ਤੁਹਾਡੇ ਸੰਦੇਸ਼ ਦੀ ਸ਼ਲਾਘਾ ਕਰਦਾ ਹਾਂ। ਭਾਰਤ ਦੇ ਲੋਕ ਹਮੇਸ਼ਾ ਸ਼ਾਂਤੀ, ਸੁਰੱਖਿਆ ਤੇ ਵਿਕਾਸਸ਼ੀਲ ਵਿਚਾਰਾਂ ਦੇ ਪੱਖ ’ਚ ਰਹੇ ਹਨ। ਲੋਕਾਂ ਦੀ ਭਲਾਈ ਤੇ ਸੁਰੱਖਿਆ ਨੂੰ ਅੱਗੇ ਵਧਾਉਣਾ ਹਮੇਸ਼ਾ ਸਾਡੀ ਪਹਿਲ ਰਹੇਗੀ।’
ਨਵਾਜ਼ ਸ਼ਰੀਫ ਦੇ ਇਸ ਸੰਦੇਸ਼ ਨੂੰ ਬਹੁਤ ਹੀ ਸਕਾਰਾਤਮਕ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ। ਸ਼ਰੀਫ ਹਾਲ ਹੀ ਦੇ ਦਿਨਾਂ ’ਚ ਕਈ ਵਾਰ ਭਾਰਤ ਨਾਲ ਰਿਸ਼ਤਿਆਂ ਨੂੰ ਸੁਧਾਰਨ ਦੀ ਗੱਲ ਕਰ ਚੁੱਕੇ ਹਨ। ਉਨ੍ਹਾਂ ਸਾਲ 1999 ’ਚ ਕਾਰਗਿਲ ਜੰਗ ਲਈ ਵੀ ਆਪਣੀ ਹੀ ਸਰਕਾਰ ਨੂੰ ਜ਼ਿੰਮੇਵਾਰ ਦੱਸਣ ਵਾਲਾ ਵੱਡਾ ਬਿਆਨ ਹਾਲ ਹੀ ਵਿਚ ਦਿੱਤਾ ਹੈ। ਸ਼ਰੀਫ ਨੇ ਕਿਹਾ ਸੀ ਕਿ ਸਾਬਕਾ ਪੀਐੱਮ ਅਟਲ ਬਿਹਾਰੀ ਵਾਜਪਾਈ ਨਾਲ ਜੋ ਸ਼ਾਂਤੀ ਸਮਝੌਤਾ ਕੀਤਾ ਗਿਆ ਸੀ, ਉਸਦੀ ਉਲੰਘਣਾ ਪਾਕਿਸਤਾਨ ਨੇ ਹੀ ਕੀਤੀ ਸੀ। ਇਸ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੀ ਸੋਚ ’ਚ ਹੋ ਰਹੇ ਬਦਲਾਅ ਵਜੋਂ ਦੇਖਿਆ ਸੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੋਣ ਪ੍ਰਚਾਰ ਦੌਰਾਨ ‘ਦੈਨਿਕ ਜਾਗਰਣ’ ਨੂੰ ਦਿੱਤੇ ਇੰਟਰਵਿਊ ’ਚ ਪਾਕਿਸਤਾਨ ਨੂੰ ਲੈ ਕੇ ਕਿਹਾ ਸੀ ਕਿ ਹਾਲੇ ਉਥੋਂ ਦੀ ਸਰਕਾਰ ਦੇ ਰਵੱਈਏ ਨੂੰ ਦੇਖਣਾ ਹੋਵੇਗਾ। ਭਾਰਤ ਲਈ ਸਰਹੱਦ ਪਾਰ ਅੱਤਵਾਦ ਇਕ ਵੱਡਾ ਮੁੱਦਾ ਹੈ। ਹੁਣ ਦੇਖਾਂਗੇ ਕਿ ਇਸ ਸਬੰਧੀ ਪਾਕਿਸਤਾਨ ਦੀ ਨਵੀਂ ਸਰਕਾਰ ਕੀ ਰੁਖ਼ ਅਪਣਾਉਂਦੀ ਹੈ।
ਸਾਲ 1999 ’ਚ ਤਤਕਾਲੀ ਪੀਐੱਮ ਵਾਜਪਾਈ ਨੇ ਲਾਹੌਰ ਦੀ ਬੱਸ ਯਾਤਰਾ ਕੀਤੀ ਸੀ। ਉਦੋਂ ਨਵਾਜ਼ ਸ਼ਰੀਫ ਪੀਐੱਮ ਸਨ। ਦੋਵਾਂ ਨੇਤਾਵਾਂ ਦੀ ਅਗਵਾਈ ’ਚ ਸ਼ਾਂਤੀ ਸਮਝੌਤਾ ਕੀਤਾ ਗਿਆ ਸੀ। ਇਸਦੇ ਤੁਰੰਤ ਬਾਅਦ ਪਾਕਿ ਫੌਜ ਨੇ ਕਾਰਗਿਲ ’ਚ ਘੁਸਪੈਠ ਕਰ ਦਿੱਤੀ ਸੀ। ਇਸ ਕਾਰਨ ਕਈ ਸਾਲਾਂ ਤੋਂ ਰਿਸ਼ਤੇ ਨਿਘਾਰ ਵੱਲ ਚਲੇ ਗਏ। ਸਾਲ 2014 ’ਚ ਮੋਦੀ ਨੇ ਜਦੋਂ ਪਹਿਲੀ ਵਾਰ ਪੀਐੱਮ ਵਜੋਂ ਸਹੁੰ ਚੁੱਕੀ ਤਾਂ ਉਸ ਸਮਾਰੋਹ ’ਚ ਹੋਰਨਾਂ ਗੁਆਂਢੀ ਦੇਸ਼ਾਂ ਦੇ ਨਾਲ ਹੀ ਪਾਕਿਸਤਾਨ ਦੇ ਪੀਐੱਮ ਨਵਾਜ਼ ਸ਼ਰੀਫ ਨੂੰ ਵੀ ਸੱਦਿਆ ਗਿਆ। ਬਾਅਦ ’ਚ ਐੱਸਸੀਓ (ਊਫਾ, ਰੂਸ) ਦੀ ਮੀਟਿੰਗ ’ਚ ਵੀ ਮੋਦੀ ਤੇ ਸ਼ਰੀਫ ਮਿਲੇ। ਦਸੰਬਰ 2015 ’ਚ ਮੋਦੀ ਖੁਦ ਸ਼ਰੀਫ ਪਰਿਵਾਰ ’ਚ ਹੋਏ ਇਕ ਵਿਆਹ ’ਚ ਹਿੱਸਾ ਲੈਣ ਲਈ ਲਾਹੌਰ ਗਏ ਪਰ ਉਸ ਤੋਂ ਕੁਝ ਦੇਰ ਬਾਅਦ ਹੀ ਪਠਾਨਕੋਟ ਹਮਲਾ ਹੋ ਗਿਆ। ਉਸ ਤੋਂ ਬਾਅਦ ਰਿਸ਼ਤੇ ਲਗਾਤਾਰ ਤਣਾਅਪੂਰਨ ਬਣੇ ਹੋਏ ਹਨ।