ਅੰਮ੍ਰਿਤਸਰ 10 ਜੂਨ 2024 (ਪੰਜਾਬੀ ਖਬਰਨਾਮਾ) : ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਸ਼ਨਿਚਰਵਾਰ ਨੂੰ ਪਾਕਿਸਤਾਨ ਗਏ ਜਥੇ ਵਿਚ ਵੀਜ਼ੇ ’ਤੇ ਸਪੱਸ਼ਟ ਮੋਹਰ ਨਾ ਲੱਗਣ ਕਾਰਨ ਪਟਿਆਲਾ ਵਾਸੀ ਰਜਿੰਦਰ ਸਿੰਘ ਵੀ ਗੁਰਦੁਆਰਾ ਸਾਹਿਬਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੋਂ ਵਾਂਝੇ ਰਹਿ ਗਏ ਹਨ। ਸ਼ਨਿਚਰਵਾਰ ਦੁਪਹਿਰ 4.30 ਵਜੇ ਉਨ੍ਹਾਂ ਨੂੰ ਵਾਹਗਾ ਬਾਰਡਰ ’ਤੇ ਪਾਕਿਸਤਾਨੀ ਇਮੀਗੇ੍ਰਸ਼ਨ ਅਧਿਕਾਰੀਆਂ ਨੇ ਵਾਪਸ ਭੇਜ ਦਿੱਤਾ ਤੇ ਭਾਰਤੀ ਇਮੀਗੇ੍ਰਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਜਦੋਂ ਕਿ ਰਜਿੰਦਰ ਸਵੇਰੇ 10.30 ਵਜੇ ਦੇ ਕਰੀਬ ਭਾਰਤੀ ਅਟਾਰੀ ਸਰਹੱਦ ਪਾਰ ਕਰ ਕੇ ਪਾਕਿਸਤਾਨੀ ਸਰਹੱਦ ਵਿਚ ਦਾਖ਼ਲ ਹੋ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਹੋਰ ਸ਼ਰਧਾਲੂਆਂ ਨਾਲ ਅਟਾਰੀ ਸਰਹੱਦੀ ਸੜਕ ਰਾਹੀਂ ਪਾਕਿਸਤਾਨ ਵਾਹਗਾ ਸਰਹੱਦ ਵਿਚ ਦਾਖ਼ਲ ਹੋਇਆ ਸੀ। ਪਰ ਵੀਜ਼ੇ ’ਤੇ ਲੱਗੀ ਮੋਹਰ ਸਪੱਸ਼ਟ ਨਾ ਹੋਣ ਕਾਰਨ ਪਾਕਿਸਤਾਨੀ ਇਮੀਗੇ੍ਰਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮੂਹ ਨਾਲ ਪਾਕਿਸਤਾਨ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਉਥੇ ਹੀ ਰੋਕ ਦਿੱਤਾ ਗਿਆ। 65 ਸਾਲਾ ਰਜਿੰਦਰ ਸਿੰਘ ਵੱਲੋਂ ਅਧਿਕਾਰੀਆਂ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਉਸ ਨੂੰ ਗਰੁੱਪ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਤੇ ਸ਼ਾਮ 4.30 ਵਜੇ ਭਾਰਤ ਵਾਪਸ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਹੀ ਪਾਕਿਸਤਾਨੀ ਇਮੀਗੇ੍ਰਸ਼ਨ ਅਧਿਕਾਰੀਆਂ ਨੇ ਨਿਹੰਗ ਮਨਦੀਪ ਸਿੰਘ ਨਾਲ ਵੀ ਬਦਸਲੂਕੀ ਕੀਤੀ ਅਤੇ ਉਸ ਨੂੰ ਜਥੇ ’ਚ ਸ਼ਾਮਲ ਨਾ ਹੋਣ ਦਿੰਦੇ ਹੋਏ ਘਰ ਵਾਪਸ ਭੇਜ ਦਿੱਤਾ।
ਸਥਾਨਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵੱਖਰਾ ਕਿਰਾਇਆ ਅਦਾ ਕਰਨਾ ਪਵੇਗਾ : ਰੌਬਿਨ
ਸ੍ਰੀ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਉਪ ਪ੍ਰਧਾਨ ਰੌਬਿਨ ਗਿੱਲ ਨੇ ਖ਼ੁਲਾਸਾ ਕੀਤਾ ਕਿ ਪਾਕਿਸਤਾਨ ਸਰਕਾਰ ਵੱਲੋਂ ਮਹਿੰਗਾਈ ਦੇ ਨਾਂ ’ਤੇ ਸ਼ਰਧਾਲੂਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਪਾਕਿਸਤਾਨ ਸਥਿਤ ਮੁੱਖ ਗੁਰਦੁਆਰਾ ਸਾਹਿਬਾਨ ਦੇ ਵਿਸ਼ੇਸ਼ ਬੱਸਾਂ ਰਾਹੀਂ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਪ੍ਰਤੀ ਸ਼ਰਧਾਲੂ ਛੇ ਹਜ਼ਾਰ ਰੁਪਏ ਦਾ ਕਿਰਾਇਆ ਵੀ ਲਿਆ ਜਾਂਦਾ ਹੈ। ਹਾਲਾਂਕਿ ਇਨ੍ਹਾਂ ਪ੍ਰਮੁੱਖ ਗੁਰਦੁਆਰਿਆਂ ਤੋਂ ਇਲਾਵਾ, ਸਥਾਨਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਰੱਖਣ ਵਾਲੀ ਸੰਗਤ ਨੂੰ ਇਸ ਲਈ ਵਾਧੂ ਬੱਸ ਕਿਰਾਇਆ ਦੇਣ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਹਰ ਸ਼ਰਧਾਲੂਆਂ ਨੂੰ ਛੇ ਹਜ਼ਾਰ ਅਤੇ ਦੋ ਹਜ਼ਾਰ ਦੇ ਵਾਧੂ ਕਿਰਾਏ ਤਹਿਤ ਕੁੱਲ ਅੱਠ ਹਜ਼ਾਰ ਰੁਪਏ ਪ੍ਰਤੀ ਯਾਤਰੀ ਕਿਰਾਇਆ ਅਦਾ ਕਰਨਾ ਪਵੇਗਾ।