7 ਜੂਨ (ਪੰਜਾਬੀ ਖਬਰਨਾਮਾ):ਜਰਮਨੀ ਵਿਚ ਵੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਥੇ ਜ਼ਿਲ੍ਹਾ ਚੋਣਾਂ 9 ਜੂਨ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਖਾਸ ਗੱਲ ਇਹ ਹੈ ਕਿ ਕ੍ਰਿਸਚੀਅਨ ਡੈਮੋਕੇ੍ਰਟਿਕ ਯੂਨੀਅਨ ਦੀ ਟਿਕਟ ’ਤੇ ਚੋਣ ਲੜਨ ਵਾਲੇ ਪ੍ਰਮੋਦ ਕੁਮਾਰ ਅੰਮ੍ਰਿਤਸਰ ਤੋਂ ਹਨ। ਪਹਿਲੀ ਵਾਰ ਗੁਰੂ ਨਗਰੀ ਦਾ ਕੋਈ ਵਿਅਕਤੀ ਜਰਮਨ ਚੋਣਾਂ ਵਿਚ ਨੁਮਾਇੰਦਗੀ ਕਰ ਰਿਹਾ ਹੈ। ਪ੍ਰਮੋਦ ਨੇ ਆਪਣੇ ਏਜੰਡੇ ਦੇ ਕਾਰੋਬਾਰ ਵਿਚ ਭਾਰਤ ਅਤੇ ਜਰਮਨੀ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ, ਸਥਾਨਕ ਲੋਕਾਂ ਦੇ ਨਾਲ-ਨਾਲ ਭਾਰਤ ਦੇ ਲੋਕਾਂ ਨੂੰ ਇਕ ਬਿਹਤਰ ਜੀਵਨ ਪ੍ਰਦਾਨ ਕਰਨਾ ਸ਼ਾਮਲ ਕੀਤਾ ਹੈ। ਪ੍ਰਮੋਦ ਕੁਮਾਰ ਜਰਮਨੀ ਵਿਚ ਵਸੇ ਭਾਰਤੀ ਹਨ ਜੋ ਸਮਾਜ ਸੇਵਾ ਵਿਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਹਨ। ਉਹ ਹਰ ਹਫ਼ਤੇ ਉੱਥੇ 200 ਤੋਂ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਥੇ ਗੁਰੂ ਸਾਹਿਬਾਨ ਦੀ ਮਰਿਆਦਾ ਅੱਜ ਵੀ ਜਾਰੀ ਰੱਖੀ ਹੋਈ ਹੈ। ਉਨ੍ਹਾਂ ਦਾ ਪਰਿਵਾਰ ਹਾਲ ਬਾਜ਼ਾਰ ’ਚ ਰਹਿੰਦਾ ਸੀ। ਉਹ ਇੱਥੇ ਪੈਦਾ ਹੋਏ ਅਤੇ ਇਥੇ ਹੀ ਵੱਡੇ ਹੋਏ। ਇਸ ਤੋਂ ਬਾਅਦ ਪਰਿਵਾਰ ਗੁਰਾਇਆ ਚਲਾ ਗਿਆ ਅਤੇ ਫਿਰ 1991 ਵਿਚ ਜਰਮਨੀ ਚਲਾ ਗਿਆ। ਆਪਣੇ ਸੰਘਰਸ਼ ਦੇ ਦਿਨਾਂ ਦੀ ਗੱਲ ਕਰਦਿਆ ਪ੍ਰਮੋਦ ਨੇ ਕਿਹਾ ਕਿ ਇਕ ਹੋਟਲ ਵਿਚ ਡਿਸ਼ਵਾਸ਼ਰ ਦਾ ਕੰਮ ਕਰਦੇ ਸਨ। ਉਹ ਹੁਣ ਚੰਗਾ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨਾਲ ਇਸ ਕੰਮ ਵਿਚ 120 ਲੋਕ ਨਾਲ ਹਨ। ਜਿਸ ਤਰ੍ਹਾਂ ਭਾਰਤ ’ਚ ਐਮਐਲਏ ਦੀਆਂ ਚੋਣਾਂ ਹੁੰਦੀਆਂ ਹਨ, ਉਸੇ ਤਰ੍ਹਾਂ ਹੈਮਬਰਗ ਸੂਬੇ ’ਚ ਨਗਰ ਨਿਗਮ ਚੋਣਾਂ ਹੁੰਦੀਆਂ ਹਨ। ਇਸ ਚੋਣ ਵਿਚ ਉਹ ਦੱਖਣੀ ਏਸ਼ੀਆਈ ਦੇਸ਼ਾਂ ਜਿਵੇਂ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਆਦਿ ਦੇ 1.20 ਲੱਖ ਲੋਕਾਂ ਦੇ ਨੁਮਾਇੰਦੇ ਹਨ ਅਤੇ ਉਨ੍ਹਾਂ ਨੂੰ ਸਥਾਨਕ ਲੋਕਾਂ ਦਾ ਵੀ ਪੂਰਾ ਸਮਰਥਨ ਹਾਸਲ ਹੈ। ਉਹ ਵਿਦੇਸ਼ ਵਿਚ ਹੋਣ ਦੇ ਬਾਵਜੂਦ ਵੀ ਆਪਣੇ ਦੇਸ਼ ਅਤੇ ਆਪਣੀ ਜਨਮ ਭੂਮੀ ਨਾਲ ਜੁੜੇ ਹੋਏ ਹਨ।