7 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਐਨਡੀਏ ਗਠਜੋੜ ਇਕ ਵਾਰ ਫਿਰ ਤੋਂ ਸਰਕਾਰ ਬਣਾਉਣ ਜਾ ਰਿਹਾ ਹੈ। ਇਹ ਚੋਣ ਕਈ ਪਾਰਟੀਆਂ ਲਈ ਚੰਗੀ ਅਤੇ ਕਈਆਂ ਲਈ ਮਾੜੀ ਸੀ। ਇਹ ਚੋਣ ਦਿੱਲੀ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ (ਆਪ) ਲਈ ਝਟਕਾ ਸਾਬਤ ਹੋਈ।
ਪੰਜਾਬ ‘ਚ ਜਿੱਥੇ ‘ਆਪ’ ਨੇ ਸਾਰੀਆਂ ਸੀਟਾਂ ‘ਤੇ ਚੋਣ ਲੜੀ ਸੀ ਅਤੇ ਸਿਰਫ 3 ਸੀਟਾਂ ਹੀ ਜਿੱਤ ਸਕੀ ਸੀ। ਜਦੋਂ ਕਿ ਦਿੱਲੀ ਵਿੱਚ ‘ਆਪ’ ਨੂੰ ਇੱਕ ਵੀ ਸਫ਼ਲਤਾ ਨਹੀਂ ਮਿਲੀ। ਇੱਥੇ ਪਾਰਟੀ ਨੇ 4 ਸੀਟਾਂ ਉਤੇ ਚੋਣ ਲੜੀ ਸੀ। ‘ਆਪ’ ਨੇ ਦਿੱਲੀ ‘ਚ ਕਾਂਗਰਸ ਨਾਲ ਗਠਜੋੜ ਕਰਕੇ ਲੋਕ ਸਭਾ ਚੋਣਾਂ ਲੜੀਆਂ ਸਨ। ਹੁਣ ਖ਼ਬਰ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਰਾਹ ਵੱਖ ਹੋ ਸਕਦੇ ਹਨ। ਇਸ ਖਬਰ ਦੀ ਪੁਸ਼ਟੀ ਆਪ ਮੰਤਰੀ ਗੋਪਾਲ ਰਾਏ ਨੇ ਖੁਦ ਕੀਤੀ ਹੈ।
ਆਪ’ ਵਿਧਾਇਕਾਂ ਨਾਲ ਸਮੀਖਿਆ ਮੀਟਿੰਗ ਤੋਂ ਬਾਅਦ ਗੋਪਾਲ ਰਾਏ ਨੇ ਕਿਹਾ ਕਿ ਸਾਡਾ ਗਠਜੋੜ ਸਿਰਫ ਲੋਕ ਸਭਾ ਚੋਣਾਂ ਲਈ ਸੀ, ਦਿੱਲੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸਾਰੇ ਵਿਧਾਇਕਾਂ ਦਾ ਮੰਨਣਾ ਹੈ ਕਿ ਇਸ ਵਾਰ ਅਸੀਂ ਉਲਟ ਹਾਲਾਤਾਂ ਵਿਚ ਚੋਣ ਲੜ ਰਹੇ ਸੀ, ਸਾਡਾ ਸਿਹਤ ਮੰਤਰ ਜੇਲ੍ਹ ਵਿੱਚ ਹੈ, ਸਾਡਾ ਸੀਐਮ ਜੇਲ੍ਹ ਵਿੱਚ ਹੈ। ਉਸ ਤੋਂ ਬਾਅਦ ਵੀ ਚੋਣਾਂ ਇਕੱਠੀਆਂ ਹੀ ਲੜੀਆਂ ਗਈਆਂ। ਵਿਧਾਇਕਾਂ ਦੀ ਆਮ ਰਾਏ ਹੈ ਕਿ ਵਿਧਾਨ ਸਭਾ ਲਈ ਗਠਜੋੜ ਨਹੀਂ ਹੋਣਾ ਚਾਹੀਦਾ।
ਕੀ ਹੈ ਕਾਰਨ?
ਅਸਲ ਵਿੱਚ ਗਠਜੋੜ ਦੀ ਹਾਰ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਾਰਟੀਆਂ ਚੋਣਾਂ ਵਿੱਚ ਆਪਣੀਆਂ ਵੋਟਾਂ ਇੱਕ ਦੂਜੇ ਦੀ ਪਾਰਟੀ ਵਿੱਚ ਤਬਦੀਲ ਕਰਨ ਵਿੱਚ ਨਾਕਾਮ ਰਹੀਆਂ। ‘ਆਪ’ ਦੇ ਆਪਣੇ ਸੂਬਾ ਕਨਵੀਨਰ ਗੋਪਾਲ ਰਾਏ, ਦਿੱਲੀ ਦੇ ਮੰਤਰੀ ਅਤੇ ਆਪ ਉਮੀਦਵਾਰ ਵੀ ਆਪਣੇ ਬੂਥ ਨਹੀਂ ਬਚਾ ਸਕੇ। ਬੂਥ ਹਾਰਨ ਵਾਲਿਆਂ ਵਿਚ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਤੋਂ ਲੈ ਕੇ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਅਤੇ ਆਤਿਸ਼ੀ ਦੇ ਨਾਂ ਸ਼ਾਮਲ ਹਨ।