6 ਜੂਨ (ਪੰਜਾਬੀ ਖਬਰਨਾਮਾ): ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਕੀਤਾ ਜਾ ਰਿਹਾ 13-0 ਦਾ ਦਾਅਵਾ ਤਿੰਨ ਸੀਟਾਂ ਤੱਕ ਹੀ ਸਿਮਟ ਗਿਆ। ਸੀਐਮ ਭਗਵੰਤ ਆਪਣੇ ਦੋ ਸਾਲਾਂ ਦੇ ਕਾਰਜਕਾਲ ਤੋਂ ਇੰਨੇ ਉਤਸ਼ਾਹਿਤ ਸਨ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਮੁੜ ਹੂੰਝਾ ਫੇਰ ਜਿੱਤ ਮਿਲਣ ਦੀ ਪੱਕੀ ਉਮੀਦ ਸੀ। ਇਸ ਲਈ ਉਹ ਅੰਤ ਤੱਕ 13-0 ਦਾ ਦਾਅਵਾ ਕਰਦੇ ਰਹੇ। 

ਦੂਜੇ ਪਾਸੇ ਜਦੋਂ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਵਿੱਚ ਨਿਰਾਸ਼ਾ ਫੈਲ ਗਈ। ‘ਆਪ’ ਨੂੰ ਸਿਰਫ ਤਿੰਨ ਸੀਟਾਂ ਮਿਲੀਆਂ। ਕਾਂਗਰਸ ਨੂੰ 7 ਤੇ ਅਕਾਲੀ ਦਲ ਨੂੰ ਇੱਕ ਸੀਟ ਮਿਲੀ। ਦੋ ਸੀਟਾਂ ਉਪਰ ਤਾਂ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕਰ ਲਈ। ਆਮ ਆਦਮੀ ਪਾਰਟੀ ਦੇ ਮੰਤਰੀ ਤੱਕ ਚੋਣਾਂ ਹਾਰ ਗਏ। ਆਪਣੇ ਗੜ੍ਹ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਖਾਤਾ ਨਹੀਂ ਖੋਲ੍ਹ ਸਕੀ। ਇਸ ਲਈ ਕਾਂਗਰਸ ਹਾਈਕਮਾਨ ਵੀ ਫਿਕਰਮੰਦ ਹੈ।

ਦਰਅਸਲ ਕਰੀਬ ਢਾਈ ਸਾਲ ਪਹਿਲਾਂ ਪੰਜਾਬ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ 117 ‘ਚੋਂ 92 ਸੀਟਾਂ ਮਿਲੀਆਂ ਸਨ ਪਰ ਹੁਣ ਲੋਕ ਸਭਾ ਚੋਣਾਂ ਵਿੱਚ 54 ਵਿਧਾਨ ਸਭਾ ਹਲਕਿਆਂ ਵਿੱਚ ਸਿੱਧੀ ਹਾਰ ਹੋਈ ਹੈ। ਜਦੋਂਕਿ ‘ਆਪ’ 32 ਸੀਟਾਂ ਹੀ ਜਿੱਤ ਸਕੀ ਹੈ। ਇਸ ਗੱਲ ਨੇ ਪਾਰਟੀ ਆਗੂਆਂ ਦੀ ਨੀਂਦ ਉਡਾ ਦਿੱਤੀ ਹੈ। ਹਾਸਲ ਅੰਕੜਿਆਂ ਮੁਤਾਬਕ ਜਿਨ੍ਹਾਂ ਸਰਕਲਾਂ ਵਿੱਚ ਲੀਡ ਮਿਲੀ ਹੈ, ਉਹ ਵੀ ਬਹੁਤ ਜ਼ਿਆਦਾ ਨਹੀਂ ਹਨ। ਵਿਰੋਧੀ ਪਾਰਟੀਆਂ ਦੀ ਵੋਟ ਪ੍ਰਤੀਸ਼ਤਤਾ ਵੀ ਵਧੀ ਹੈ। 

ਹਾਰ ਦੇ ਕਾਰਨਾਂ ਨੂੰ ਲੈ ਕੇ ਵਿਚਾਰ ਮੰਥਨ ਸ਼ੁਰੂ ਹੋ ਗਿਆ ਹੈ। ਸੀਐਮ ਭਗਵੰਤ ਮਾਨ ਭਲਕੇ ਹਲਕਾ ਵਾਈਜ਼ ਤੋਂ ਆਪਣੇ ਸਾਰੇ ਵਿਧਾਇਕਾਂ ਤੇ ਜਥੇਬੰਦੀ ਦੇ ਮੈਂਬਰਾਂ ਨਾਲ ਮੀਟਿੰਗ ਕਰਨਗੇ। ਸੂਤਰਾਂ ਮੁਤਾਬਕ ਸਰਕਾਰ ਨੇ ਆਪਣੇ ਖੁਫੀਆ ਵਿੰਗ ਤੋਂ ਲੋਕ ਸਭਾ ਚੋਣਾਂ ਦੌਰਾਨ ਵਿਧਾਇਕਾਂ ਦੀ ਭੂਮਿਕਾ ਤੇ ਚੋਣਾਂ ਵਿੱਚ ਰਹੀਆਂ ਕਮੀਆਂ ਬਾਰੇ ਰਿਪੋਰਟ ਮੰਗੀ ਹੈ। ਇਹ ਰਿਪੋਰਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਕੋਲ ਪਹੁੰਚ ਜਾਵੇਗੀ। 

ਸੂਤਰਾਂ ਮੁਤਾਬ ਮੀਟਿੰਗ 7 ਜੂਨ ਨੂੰ ਰੱਖੀ ਗਈ ਹੈ। ਇਸ ਵਿੱਚ ਪਾਰਟੀ ਦੇ ਸੰਗਠਨ ਸਕੱਤਰ ਸੰਦੀਪ ਪਾਠਕ ਵੀ ਮੌਜੂਦ ਰਹਿਣਗੇ। ਮੀਟਿੰਗ ਵਿੱਚ ਉਨ੍ਹਾਂ ਕਾਰਨਾਂ ਦਾ ਪਤਾ ਲਾਉਣ ਦਾ ਯਤਨ ਕੀਤਾ ਜਾਵੇਗਾ ਜਿਸ ਕਾਰਨ ਪਾਰਟੀ ਨੂੰ ਇਸ ਪੱਧਰ ‘ਤੇ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਦੀਆਂ ਟੀਮਾਂ ਵੀ ਆਪਣੀ ਰਿਪੋਰਟ ਬਣਾਉਣ ਵਿੱਚ ਰੁੱਝੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਮਿਲੀਆਂ ਸ਼ਿਕਾਇਤਾਂ ਤੇ ਮੰਗ ਪੱਤਰਾਂ ‘ਤੇ ਕੰਮ ਕਰਨ ਦੇ ਹੁਕਮ ਵੀ ਦਿੱਤੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।