ਸੰਗਰੂਰ 03 ਮਈ 2024 (ਪੰਜਾਬੀ ਖਬਰਨਾਮਾ) : ਲੋਕ ਸਭਾ ਹਲਕਾ 12-ਸੰਗਰੂਰ ਵਿੱਚ ਲੋਕ ਸਭਾ ਚੋਣਾਂ ਤਹਿਤ 1 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਅਤੇ ਇਸ ਕਾਰਜ ਲਈ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਤੇ ਜ਼ਿਲ੍ਹਾ ਮਲੇਰਕੋਟਲਾ ਦੇ ਇੱਕ ਵਿਧਾਨ ਸਭਾ ਹਲਕਾ ਮਲੇਰੋਕਟਲਾ ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ, ਬਰੜਵਾਲ ਵਿਖੇ ਸਥਾਪਤ ਕੀਤੇ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ ਕਰਵਾਈ ਜਾਵੇਗੀ ਜਦਕਿ ਬਰਨਾਲਾ, ਮਹਿਲ ਕਲਾਂ ਤੇ ਭਦੌੜ ਵਿਖੇ ਪਈਆਂ ਵੋਟਾਂ ਦੀ ਗਿਣਤੀ, ਐਸ.ਡੀ ਕਾਲਜ ਬਰਨਾਲਾ ਵਿਖੇ ਸਥਾਪਤ ਗਿਣਤੀ ਕੇਂਦਰਾਂ ਵਿਖੇ ਹੋਵੇਗੀ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਹਰੇਕ ਗਿਣਤੀ ਕੇਂਦਰ ਵਿੱਚ 14 ਟੇਬਲ ਲਗਾਏ ਗਏ ਹਨ ਅਤੇ ਗਿਣਤੀ ਕੇਂਦਰਾਂ ਵਿਖੇ ਤਾਇਨਾਤ ਹੋਣ ਵਾਲੇ ਸਮੂਹ ਚੋਣ ਅਮਲੇ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਅਤੇ ਸ਼ਨਾਖਤੀ ਕਾਰਡਾਂ ਤੋਂ ਬਿਨਾਂ ਕੋਈ ਵੀ ਅਣਅਧਿਕਾਰਤ ਵਿਅਕਤੀ ਗਿਣਤੀ ਕੇਂਦਰਾਂ ਵਿਖੇ ਦਾਖਲ ਨਹੀਂ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਸਮੁੱਚੀ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਉਮੀਦਵਾਰਾਂ, ਅਧਿਕਾਰਤ ਚੋਣ ਏਜੰਟਾਂ ਨੂੰ ਵੀ ਚੋਣ ਕਮਿਸ਼ਨ ਦੀਆਂ ਗਿਣਤੀ ਪ੍ਰਕਿਰਿਆ ਸਬੰਧੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਸਬੰਧੀ ਸਮੁੱਚੀ ਪ੍ਰਕਿਰਿਆ ਨੂੰ ਪੂਰੇ ਪਾਰਦਰਸ਼ੀ, ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਹੜੇ ਪੱਤਰਕਾਰ ਸਾਹਿਬਾਨ ਨੂੰ ਅਥਾਰਟੀ ਕਾਰਡ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਸੁਵਿਧਾ ਲਈ ਮੀਡੀਆ ਸੈਂਟਰ ਬਣਾਇਆ ਗਿਆ ਹੈ ਜਿਥੇ ਸਾਰੇ ਗਿਣਤੀ ਕੇਂਦਰਾਂ ਤੋਂ ਪ੍ਰਾਪਤ ਹੋਣ ਵਾਲੇ ਨਤੀਜੇ ਨਾਲੋ ਨਾਲ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ।