ਫ਼ਤਹਿਗੜ੍ਹ ਸਾਹਿਬ 03 ਮਈ 2024 (ਪੰਜਾਬੀ ਖਬਰਨਾਮਾ) : ਬੀਤੀ 01 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਲਈ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ 54-ਬਸੀ ਪਠਾਣਾ, 55-ਫ਼ਤਹਿਗੜ੍ਹ ਸਾਹਿਬ ਤੇ 56-ਅਮਲੋਹ ਵਿੱਚ ਹੋਈ ਵੋਟਿੰਗ ਸੂਬੇ ਦੀ ਵੋਟਿੰਗ ਦਰ ਨਾਲੋਂ ਵੱਧ ਹੈ। ਸੂਬੇ ਵਿੱਚ ਜਿਥੇ 62.80 ਫੀਸਦੀ ਵੋਟਿੰਗ ਦਰਜ਼ ਕੀਤੀ ਗਈ ਹੈ ਉਥੇ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 65.08 ਫੀਸਦੀ ਵੋਟਿੰਗ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ 08-ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ 09 ਵਿਧਾਨ ਸਭਾ ਹਲਕਿਆਂ ਅੰਦਰ ਓਵਰ ਆਲ 62.53 ਫੀਸਦੀ ਕੁੱਲ ਵੋਟਿੰਗ ਹੋਈ ਹੈ ਜਦੋਂ ਕਿ ਵਿਧਾਨ ਸਭਾ ਹਲਕਾ 56-ਅਮਲੋਹ ਅੰਦਰ 69.65 ਫੀਸਦੀ, 54-ਬਸੀ ਪਠਾਣਾ ਹਲਕੇ ਅੰਦਰ 60.64 ਫੀਸਦੀ ਅਤੇ 55-ਫ਼ਤਹਿਗੜ੍ਹ ਸਾਹਿਬ ਅੰਦਰ 64.96 ਫੀਸਦੀ ਵੋਟਿੰਗ ਹੋਈ ਅਤੇ ਇਨ੍ਹਾਂ ਤਿੰਨਾਂ ਹਲਕਿਆਂ ਦੀ ਵੋਟਿੰਗ ਦਰ ਨੂੰ ਜੇਕਰ ਜੋੜਿਆ ਜਾਵੇ ਤਾਂ ਇਹ 65.08 ਫੀਸਦੀ ਬਣਦੀ ਹੈ ਜੋ ਕਿ ਸੂਬੇ ਦੀ ਵੋਟਿੰਗ ਦਰ ਨਾਲੋਂ ਵੱਧ ਹੈ।

          ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਜ਼ਿਲ੍ਹੇ ਦੇ ਬਜੁਰਗਾਂ,  ਨੌਜਵਾਨਾਂ ਤੇ ਔਰਤਾਂ ਨੇ ਇਨ੍ਹਾਂ ਵੋਟਾਂ ਲਈ ਕਾਫੀ ਉਤਸ਼ਾਹ ਵਿਖਾਇਆ ਹੈ ਅਤੇ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੇ ਜੋ ਉਤਸ਼ਾਹ ਵਿਖਾਇਆ ਹੈ ਉਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਮਜਬੂਤ ਲੋਕਤੰਤਰ ਵਿੱਚ ਸਾਰੇ ਵੋਟਰਾਂ ਦਾ ਸਾਥ ਬਹੁਤ ਜਰੂਰੀ ਹੈ ਕਿਉਂਕਿ ਸਾਰਿਆਂ ਦੇ ਸਾਥ ਨਾਲ ਹੀ ਅਸੀਂ ਆਪਣੇ ਦੇਸ਼ ਨੂੰ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੋਟਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਰਾਂ ਦੀ ਸਹੂਲਤ ਲਈ ਜਿਥੇ ਪੋਲਿੰਗ ਸਟੇਸ਼ਨਾਂ ਤੇ ਠੰਡੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਸਨ ਉਥੇ ਹੀ ਵੋਟਰਾਂ ਨੂੰ ਹੀਟ ਵੇਬ ਤੋਂ ਬਚਾਉਣ ਵਾਸਤੇ ਵੇਟਿੰਗ ਏਰੀਆ ਵੀ ਬਣਾਏ ਗਏ ਸਨ ਤਾਂ ਜੋ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਧੁੱਪ ਵਿੱਚ ਖੜ੍ਹਾ ਨਾ ਹੋਣਾ ਪਵੇ।

          ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਤਿੰਨ ਪਿੰਕ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਸਨ ਜਿਥੇ ਕਿ ਮਹਿਲਾ ਵੋਟਰਾਂ ਦੀ ਸਹੂਲਤ ਲਈ 100 ਫੀਸਦੀ ਸਟਾਫ ਵੀ ਮਹਿਲਾਵਾਂ ਦਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਪਿੰਡ ਸਲੇਮਪੁਰ, ਸੰਘੋਲ ਤੇ ਅਮਲੋਹ ਵਿਖੇ ਤਿੰਨ ਯੂਨੀਕ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਸਨ ਜਿਥੇ ਕਿ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜੀਆਂ ਵਸਤਾਂ ਜਿਵੇਂ ਕਿ ਚਰਖੇ, ਪੀਂਘਾਂ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ ਤਾਂ ਜੋ ਸਾਡੇ ਨੌਜਵਾਨ ਵੋਟਰ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਤੇ ਐਨ.ਐਸ.ਐਸ. ਦੇ ਵਲੰਟੀਅਰਾਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਬਜੁਰਗਾਂ, ਦਿਵਿਆਂਗਜ਼ਨਾਂ ਤੇ ਛੋਟੇ ਬੱਚਿਆਂ ਨਾਲ ਵੋਟ ਪਾਉਣ ਲਈ ਆਉਣ ਵਾਲੀਆਂ ਔਰਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਅੱਜ 4 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਹੁ-ਤਕਨੀਕੀ ਕਾਲਜ਼ ਵਿਖੇ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।