ਸੰਗਰੂਰ 31 ਮਈ 2024 (ਪੰਜਾਬੀ ਖਬਰਨਾਮਾ) : ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਸਪੈਸ਼ਲ ਜਨਰਲ ਆਬਜ਼ਰਵਰ ਰਾਮ ਮੋਹਨ ਮਿਸ਼ਰਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਦੀਆਂ ਤਿਆਰੀਆ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਜ਼ਿਲਿ੍ਹਆਂ ਦੇ ਜ਼ਿਲ੍ਹਾ ਚੋਣ ਅਫ਼ਸਰਾਂ ਤੇ ਐਸ.ਐਸ.ਪੀਜ਼ ਸਮੇਤ ਸਮੂਹ ਨੋਡਲ ਅਫ਼ਸਰਾਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਜਨਰਲ ਆਬਜ਼ਰਵਰ ਦਿਨੇਸ਼ਨ ਐਚ., ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ, ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਸੰਗਰੂਰ ਜਤਿੰਦਰ ਜੋਰਵਾਲ, ਐਸ.ਐਸ.ਪੀ ਸਰਤਾਜ ਸਿੰਘ ਚਹਿਲ ਵੀ ਮੌਜੂਦ ਸਨ ਜਦਕਿ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਪੂਨਮਦੀਪ ਕੌਰ ਤੇ ਐਸ.ਐਸ.ਪੀ ਸੰਦੀਪ ਮਲਿਕ, ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਡਾ. ਪੱਲਵੀ ਤੇ ਐਸ.ਐਸ.ਪੀ ਡਾ. ਸਿਮਰਤ ਕੌਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲੈਦਿਆਂ ਜ਼ਿਲਿ੍ਹਆਂ ਵਿੱਚ 1 ਜੂਨ ਨੂੰ ਵੋਟਿੰਗ ਮੌਕੇ ਤੇ ਵੋਟਾਂ ਦੀ ਗਿਣਤੀ ਲਈ 4 ਜੂਨ ਨੂੰ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਸਪੈਸ਼ਲ ਜਨਰਲ ਆਬਜ਼ਰਵਰ ਨੇ ਪੋÇਲੰਗ ਸਟੇਸ਼ਨਾਂ ’ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਦੀ ਸੁਵਿਧਾ ਲਈ ਕੀਤੇ ਪ੍ਰਬੰਧਾਂ, ਚੋਣ ਅਮਲੇ ਦੀ ਤਾਇਨਾਤੀ, ਈ.ਵੀ.ਐਮ ਦੀ ਸੁਰੱਖਿਆ, ਚੌਕਸੀ ਲਈ ਕਾਰਜਸ਼ੀਲ ਵੱਖ-ਵੱਖ ਟੀਮਾਂ ਨੂੰ ਵਧੇਰੇ ਮੁਸਤੈਦ ਕਰਨ, ਸੁਰੱਖਿਆ ਵਿਵਸਥਾਵਾਂ, ਸੀਨੀਅਰ ਸਿਟੀਜ਼ਨ, ਦਿਵਿਆਂਗਜਨਾਂ ਦੀਆਂ ਸੁਵਿਧਾਵਾਂ, ਸੈਕਟਰ ਅਫ਼ਸਰਾਂ, ਟਰਾਂਸਪੋਰਟੇਸ਼ਨ ਪ੍ਰਬੰਧਾਂ, ਨਸ਼ਿਆਂ ਤੇ ਨਗਦੀ ਦੀ ਬਰਾਮਦਗੀ, ਗੈਰ ਸਮਾਜਿਕ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਕੀਤੀ ਕਾਰਵਾਈ, ਰੈਂਡਮਾਈਜੇਸ਼ਨ ਤੇ ਸਿਖਲਾਈ ਪ੍ਰਕਿਰਿਆਵਾਂ, ਚੋਣ ਅਮਲੇ ਦੀ ਰਵਾਨਗੀ, ਸਟਰੌਂਗ ਰੂਮਾਂ, ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਆਦਿ ਬਾਰੇ ਵਿਸਤ੍ਰਿਤ ਜਾਇਜ਼ਾ ਲਿਆ। ਉਨ੍ਹਾਂ ਲੋਕ ਸਭਾ ਹਲਕੇ ਵਿੱਚ ਕੀਤੇ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟਾਈ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਦੇ ਹੋਏ ਸ਼ਾਂਤਮਈ ਤੇ ਸੁਰੱਖਿਆ ਚੋਣਾਂ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਸੰਗਰੂਰ ਜਤਿੰਦਰ ਜੋਰਵਾਲ ਨੇ ਲੋਕ ਸਭਾ ਹਲਕੇ ਵਿੱਚ ਕੀਤੇ ਪ੍ਰਬੰਧਾਂ ਬਾਰੇ ਸਪੈਸ਼ਲ ਜਨਰਲ ਆਬਜ਼ਰਵਰ ਨੂੰ ਜਾਣੂ ਕਰਵਾਉਂਦੇ ਹੋਏ ਵਿਸ਼ਵਾਸ ਦਿਵਾਇਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।