ਰੂਪਨਗਰ, 30 ਮਈ (ਪੰਜਾਬੀ ਖਬਰਨਾਮਾ) : 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮਿੰਨੀ ਕਮੇਟੀ ਰੂਮ ਵਿਖੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨੂੰ ਹਦਾਇਤ ਕੀਤੀ ਗਈ ਕਿ ਵੋਟਾਂ ਵਾਲੇ ਦਿਨ ਕਿਸੇ ਵੀ ਉਮੀਦਵਾਰ ਵਲੋਂ ਸ਼ਨਾਖਤੀ ਸਲਿੱਪਾਂ ਉੱਤੇ ਆਪਣਾ ਨਾਮ ਲਿਖਿਆ ਨਹੀਂ ਜਾ ਸਕਦਾ ਅਤੇ ਨਾ ਹੀ ਕਿਸੇ ਪਾਰਟੀ ਵਲੋਂ ਕਿਸੇ ਤਰ੍ਹਾਂ ਦਾ ਚਿਨ੍ਹ ਛਾਪਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਨਿਸ਼ਾਨੀ ਲਗਾਈ ਜਾ ਸਕਦੀ ਹੈ।
ਮੀਟਿੰਗ ਦੀ ਅਗਵਾਈ ਕਰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਜਾ ਸਿਆਲ ਗਰੇਵਾਲ ਤੇ ਆਰ.ਟੀ.ਏ. ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਮੁੱਖ ਚੋਣ ਦਫ਼ਤਰ, ਪੰਜਾਬ ਵਲੋਂ ਜਾਰੀ ਹਦਾਇਤਾਂ ਨੂੰ ਯਕੀਨੀ ਤੌਰ ਤੇ ਅਮਲ ਵਿੱਚ ਲਿਆਇਆ ਜਾਵੇ ਅਤੇ ਵੋਟਰਾਂ ਨੂੰ ਜਾਰੀ ਕੀਤੀਆਂ ਸ਼ਨਾਖਤੀ ਸਲਿੱਪਾਂ ਸਾਫ਼ ਕਾਗਜ਼ ਉੱਤੇ ਹੋਣ ਤਾਂ ਜੋ ਵੋਟਰਾਂ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਵੋਟਾਂ ਦੇ ਦਿਨ ਸਰਕਾਰੀ ਗੱਡੀਆਂ ਚਲਾਉਣ ਉੱਤੇ ਲੱਗੀਆਂ ਪਾਬੰਦੀਆਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਵੇ ਅਤੇ ਜ਼ਿਲ੍ਹਾ ਚੋਣ ਅਫ਼ਸਰ ਪਾਸੋਂ ਜਾਰੀ ਅਥਾਰਟੀ ਪੱਤਰ ਤੋਂ ਬਿਨ੍ਹਾਂ ਕੋਈ ਵਾਹਨ ਦੀ ਵਰਤੋਂ ਉਮੀਦਵਾਰ, ਇਲੈਕਸ਼ਨ ਏਜੰਟ ਜਾਂ ਵਰਕਰ ਵਲੋਂ ਨਹੀਂ ਕੀਤੀ ਜਾ ਸਕਦੀ। ਵੋਟਰ ਤੋਂ ਇਲਾਵਾ ਪੋਲਿੰਗ ਬੂਥ ਵਿੱਚ ਕੋਈ ਵੀ ਵਿਅਕਤੀ ਜਾਂ ਕਿਸੇ ਪਾਰਟੀ ਦਾ ਨੁਮਾਇੰਦਾ ਦਾਖ਼ਲ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਵਿੱਤੀ ਜਾ ਹੋਰ ਕੋਈ ਵੀ ਲਾਲਚ ਨਾ ਦਿੱਤਾ ਜਾਵੇ ਅਤੇ ਨਾ ਹੀ ਮੱਤਦਾਤਾਵਾਂ ਨੂੰ ਜਾਤੀ/ਫਿਰਕੂ ਭਾਵਨਾਵਾਂ ਦੇ ਸਬੰਧ ਵਿੱਚ ਵੋਟ ਪਾਉਣ ਦੀ ਅਪੀਲ ਨਾ ਕੀਤੀ ਜਾਵੇ। ਕੋਈ ਅਜਿਹੀ ਕਾਰਵਾਈ ਨਾ ਕੀਤੀ ਜਾਵੇ ਜੋ ਮੋਜੂਦਾ ਮੱਤਭੇਦ ਵਿੱਚ ਵਾਧਾ ਕਰੇ ਜਾਂ ਵੱਖ-ਵੱਖ ਜਾਤਾਂ/ਫ਼ਿਰਕਿਆਂ ਜਾਂ ਧਾਰਮਿਕ ਭਾਸ਼ਾਈ ਗਰੁੱਪਾਂ ਵਿੱਚ ਪ੍ਰਸਪਰ ਨਫ਼ਰਤ ਜਾਂ ਤਨਾਊ ਪੈਦਾ ਕਰੇ। ਦੂਜੀਆਂ ਪਾਰਟੀਆਂ ਦੇ ਨੇਤਾਂਵਾਂ ਜਾ ਕਰਮਚਾਰੀਆਂ ਦੇ ਜੀਵਨ ਦੇ ਕਿਸੇ ਪਹਿਲੂ ਜੋ ਜਨਤਕ ਕਾਰਨਾਂ ਦੇ ਨਾਲ ਸਬੰਧਤ ਨਹੀਂ ਹੈ ਦੇ ਸਬੰਧ ਵਿੱਚ ਆਲੋਚਨਾ ਕਰਨ ਦੀ ਇਜ਼ਾਜਤ ਨਹੀਂ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਉਹ ਕੰਮ ਜਿਹੜੇ ਕਿ ਅਨੈਤਿਕ ਹਨ ਜੋ ਚੋਣ ਸਬੰਧੀ ਅਪਰਾਧ ਹਨ ਜਿਵੇ ਕਿ ਰਿਸ਼ਵਤ ਖੋਰੀ, ਗਲਤ ਪ੍ਰਭਾਵ, ਵੋਟਰਾਂ ਨੂੰ ਡਰਾਉਣਾ/ਧਮਕਾਉਣਾ ਅਤੇ ਪੋਲਿੰਗ ਦੇ ਬੂਥ ਦੇ 100 ਮੀਟਰ ਦੇ ਅੰਦਰ ਅੰਦਰ ਚੋਣ ਪ੍ਰਚਾਰ ਕਰਨਾ, ਚੋਣ ਪ੍ਰਚਾਰ ਖਤਮ ਹੋਣ ਤੋਂ 48 ਘੰਟੇ ਦੇ ਸਮੇਂ ਦੌਰਾਨ ਮੀਟਿੰਗ ਬੁਲਾਉਣਾ ਅਤੇ ਵੋਟਰਾਂ ਦੇ ਪੋਲਿੰਗਾਂ ਬੂਥਾਂ ਦੇ ਅੱਗੇ-ਪਿੱਛੇ ਜਾਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਉਮੀਦਾਵਾਰਾਂ ਕੇਵਲ ਜ਼ਿਲ੍ਹਾ ਚੋਣ ਅਫ਼ਸਰ ਤੋਂ ਪ੍ਰਵਾਨਗੀ ਵਾਲੇ ਵਾਹਨਾਂ ਦੀ ਵਰਤੋਂ ਕਰ ਸਕਦੇ ਹਨ, ਜੇਕਰ ਇਨ੍ਹਾਂ ਵਾਹਨਾਂ ਵਿੱਚ ਵੋਟਰਾਂ ਨੂੰ ਲਿਆਇਆ ਜਾਂਦਾ ਹੈ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੋਲਿੰਗਾਂ ਬੂਥਾਂ ਦੇ 100 ਮੀਟਰ ਦੇ ਘੇਰੇ ਵਿੱਚ ਅਫ਼ਸਰਾਂ ਤੋਂ ਇਲਾਵਾ ਕੋਈ ਵੀ ਵਿਅਕਤੀ ਫੋਨ ਦੀ ਨਾ ਹੀ ਵਰਤੋਂ ਕਰ ਸਕਦਾ ਹੈ ਨਾ ਹੀ ਲਿਆ ਸਕਦਾ ਹੈ। ਇਸੇ ਹੀ ਤਰ੍ਹਾਂ ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਵਿੱਚ ਪੋਸਟਰ ਜਾਂ ਬੈਨਰ ਰਾਹੀਂ ਕਿਸੇ ਤਰ੍ਹਾਂ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਲਾਊਂਡ ਸਪੀਕਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਅਮਨ ਸ਼ਾਤੀ ਨੂੰ ਬਰਕਰਾਰ ਰੱਖਣ ਲਈ ਇਹ ਸਾਰੇ ਕਦਮ ਚੁੱਕੇ ਗਏ ਹਨ, ਜਿਨ੍ਹਾਂ ਨੂੰ ਭਾਰਤ ਚੋਣ ਕਮਿਸ਼ਨਰ ਰਾਹੀਂ ਜਾਰੀ ਹਦਾਇਤਾਂ ਅਨੁਸਾਰ ਲਾਗੂ ਕੀਤਾ ਗਿਆ ਹੈ। ਇਸ ਲਈ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਦਾ ਸਮਾਂ ਖਤਮ ਹੋਣ ਉਪਰੰਤ ਲੋਕ ਸਭਾ ਹਲਕੇ ਤੋਂ ਬਾਹਰ ਦਾ ਨਾਗਰਿਕ ਇਸ ਹਲਕੇ ਦੇ ਵਿੱਚ ਨਹੀਂ ਰਹਿ ਸਕਦਾ। ਜੇਕਰ ਕਿਸੇ ਵਿਅਕਤੀ ਦੀ ਕੋਈ ਮੈਡੀਕਲ ਮਜ਼ਬੂਰੀ ਹੈ ਤਾਂ ਉਸ ਸਬੰਧੀ ਕੇਵਲ ਜ਼ਿਲ੍ਹਾ ਚੋਣ ਅਫ਼ਸਰ ਦੁਆਰਾ ਬਣਾਇਆ ਗਿਆ ਮੈਡੀਕਲ ਬੋਰਡ ਤੋਂ ਪ੍ਰਵਾਨਗੀ ਲੈਣ ਉਪਰੰਤ ਹੀ ਪ੍ਰਵਾਨਗੀ ਜਾਰੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣ ਸਬੰਧੀ ਸ਼ਿਕਾਇਤ ਜਾ ਸਮੱਸਿਆ ਕਮਿਸ਼ਨਰ/ਰਿਟਰਨਿੰਗ ਅਫ਼ਸਰ, ਜੋਨਲ/ਸੈਕਟਰ ਮੈਜਿਸਟ੍ਰੇਟ/ਭਾਰਤ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਈ ਜਾ ਸਕਦੀ ਹੈ।