ਨਵੀਂ ਦਿੱਲੀ 29 ਮਈ 2024 (ਪੰਜਾਬੀ ਖਬਰਨਾਮਾ) : ਟੀ-20 ਵਿਸ਼ਵ ਕੱਪ 2024 ਦੀ ਕਾਊਂਟਡਾਊਨ ਸ਼ੁਰੂ ਹੋ ਗਈ ਹੈ। ਇਹ ਟੂਰਨਾਮੈਂਟ 1 ਜੂਨ ਤੋਂ ਵੈਸਟਇੰਡੀਜ਼ ਤੇ ਅਮਰੀਕਾ ਦੀ ਮੇਜ਼ਬਾਨੀ ਵਿਚ ਸ਼ੁਰੂ ਹੋਣਾ ਹੈ। ਇਸ ਮੈਗਾ ਈਵੈਂਟ ਜ਼ਰੀਏ ਭਾਰਤੀ ਟੀਮ ਲੰਬੇ ਸਮੇਂ ਤੋਂ ਚੱਲ ਰਹੇ ਆਈਸੀਸੀ ਟਰਾਫੀ ਦੇ ਸੋਕੇ ਨੂੰ ਖ਼ਤਮ ਕਰਨਾ ਚਾਹੇਗੀ। ਜ਼ਿਕਰਯੋਗ ਹੈ ਕਿ ਸਾਲ 2022 ‘ਚ ਭਾਰਤੀ ਟੀਮ ਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਵਾਰ ਭਾਰਤੀ ਟੀਮ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਆਇਰਲੈਂਡ ਖ਼ਿਲਾਫ਼ ਮੈਚ ਖੇਡ ਕੇ ਕਰੇਗੀ। ਇਸ ਤੋਂ ਬਾਅਦ ਟੀਮ ਇੰਡੀਆ ਨੇ 9 ਜੂਨ ਨੂੰ ਪਾਕਿਸਤਾਨ ਨਾਲ ਭਿੜਨਾ ਹੈ। ਇਸ ਮੈਚ ਦਾ ਕ੍ਰਿਕਟ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਰਾਟ ਕੋਹਲੀ ਨੂੰ ਪਾਕਿਸਤਾਨ ਖ਼ਿਲਾਫ਼ ਬੱਲੇ ਨਾਲ ਤਬਾਹੀ ਮਚਾਉਂਦਿਆਂ ਦੇਖਿਆ ਜਾ ਸਕਦਾ ਹੈ। ਅਜਿਹੇ ‘ਚ ਜਾਣਦੇ ਹਾਂ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਵਿਰਾਟ ਕੋਹਲੀ ਦਾ ਰਿਕਾਰਡ ਕਿਸ ਤਰ੍ਹਾਂ ਦਾ ਰਿਹਾ ਹੈ।
PAK ਖਿਲਾਫ ਖ਼ੂਬ ਵਰ੍ਹਦਾ ਹੈ ਵਿਰਾਟ ਕੋਹਲੀ ਦਾ ਬੱਲਾ
ਟੀ-20 ਵਿਸ਼ਵ ਕੱਪ ਵਿਚ ਵਿਰਾਟ ਕੋਹਲੀ ਦਾ ਬੱਲਾ ਹਮੇਸ਼ਾ ਪਾਕਿਸਤਾਨ (IND vs PAK) ਵਿਰੁੱਧ ਜ਼ੋਰਦਾਰ ਵਰ੍ਹਦਾ ਹੈ। ਕੋਹਲੀ ਪਾਕਿਸਤਾਨ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਪਾਕਿਸਤਾਨ ਖਿਲਾਫ ਪੰਜ ਅਰਧ ਸੈਂਕੜੇ ਲਗਾਏ ਹਨ। ਉਸ ਨੇ 2012 ਤੋਂ 2022 ਤਕ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਖਿਲਾਫ ਕੁੱਲ 10 ਮੈਚ ਖੇਡੇ ਅਤੇ 488 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ ਨਾਬਾਦ 82 ਦੌੜਾਂ ਸੀ, ਜੋ ਸਾਲ 2022 ਵਿਚ ਖੇਡੇ ਗਏ ਮੈਚ ਵਿੱਚ ਆਇਆ ਸੀ।
ਕੋਹਲੀ ਦੇ ਦਮ ‘ਤੇ ਭਾਰਤ ਨੇ ਪਾਕਿਸਤਾਨ ‘ਤੇ ਦਰਜ ਕੀਤੀ ਜਿੱਤ
ਸਾਲ 2022 ਤੇ ਤਰੀਕ 23 ਅਕਤੂਬਰ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ-ਵੋਲਟੇਜ ਮੈਚ ਖੇਡਿਆ ਗਿਆ ਸੀ। ਪਾਕਿਸਤਾਨ ਦੀ ਟੀਮ ਇਸ ਦਿਨ ਨੂੰ ਸ਼ਾਇਦ ਹੀ ਕਦੇ ਭੁੱਲ ਸਕੇਗੀ ਕਿਉਂਕਿ ਇਸ ਦਿਨ ਕਿੰਗ ਕੋਹਲੀ ਦਾ ਬੱਲਾ ਗਰਜਿਆ ਸੀ। ਮੈਲਬੌਰਨ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਪਾਕਿਸਤਾਨ ਨੇ 8 ਵਿਕਟਾਂ ਗੁਆ ਕੇ 158 ਦੌੜਾਂ ਬਣਾਈਆਂ ਸਨ। ਸ਼ਾਨ ਮਸੂਦ ਨੇ 52 ਦੌੜਾਂ ਦੀ ਪਾਰੀ ਖੇਡੀ ਤੇ ਇਫਤਿਖਾਰ ਅਹਿਮਦ ਨੇ 51 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਅਰਸ਼ਦੀਪ ਸਿੰਘ ਤੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਤਿੰਨ-ਤਿੰਨ ਵਿਕਟਾਂ ਲਈਆਂ।
ਇਸ ਦੇ ਜਵਾਬ ‘ਚ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਭਾਰਤ ਨੇ 31 ਦੌੜਾਂ ਦੇ ਸਕੋਰ ਤੱਕ 4 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਟੀਮ ਦੀ ਪਾਰੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਹਾਰਦਿਕ ਪਾਂਡਿਆ ਨਾਲ ਮਿਲ ਕੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਖ਼ੂਬ ਧੋਤਾ। ਹਾਰਦਿਕ ਤੇ ਕੋਹਲੀ ਵਿਚਾਲੇ ਕੁੱਲ 113 ਦੌੜਾਂ ਦੀ ਸਾਂਝੇਦਾਰੀ ਹੋਈ।
ਦੋਵਾਂ ਨੇ ਭਾਰਤੀ ਪ੍ਰਸ਼ੰਸਕਾਂ ਦੀ ਗੁਆਚੀ ਉਮੀਦ ਨੂੰ ਫਿਰ ਤੋਂ ਜਗਾਇਆ ਪਰ ਆਖਰੀ ਓਵਰ ਵਿੱਚ ਹਾਰਦਿਕ 37 ਗੇਂਦਾਂ ਵਿਚ 40 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸਮੇਂ ਪ੍ਰਸ਼ੰਸਕਾਂ ਦੇ ਸਾਹ ਰੁਕ ਗਏ ਸਨ ਪਰ ਫਿਰ ਵੀ ਸਾਰਿਆਂ ਨੂੰ ਜਿੱਤ ਦਾ ਭਰੋਸਾ ਸੀ ਕਿਉਂਕਿ ਕਿੰਗ ਕੋਹਲੀ ਕਰੀਜ਼ ‘ਤੇ ਸੀ। ਆਖ਼ਰੀ 3 ਓਵਰਾਂ ‘ਚ 48 ਦੌੜਾਂ ਬਣਾਉਣਾ ਮੁਸ਼ਕਲ ਸੀ। 18ਵੇਂ ਓਵਰ ‘ਚ 17 ਦੌੜਾਂ ਆਈਆਂ ਅਤੇ 19ਵੇਂ ਓਵਰ ‘ਚ ਕੋਹਲੀ ਨੇ ਹੈਰਿਸ ਰਾਊਫ ਨੂੰ 2 ਛੱਕੇ ਜੜ੍ਹੇ, ਜੋ ਉਹ ਕਦੇ ਨਹੀਂ ਭੁੱਲਣਗੇ। ਅਸ਼ਵਿਨ ਨੇ ਆਖਰੀ ਓਵਰ ‘ਚ ਸਿੰਗਲ ਲੈ ਕੇ ਟੀਮ ਨੂੰ 4 ਵਿਕਟਾਂ ਨਾਲ ਜਿੱਤ ਦਿਵਾਈ।