ਜਲੰਧਰ, 28 ਮਈ (ਪੰਜਾਬੀ ਖਬਰਨਾਮਾ) : ਜਲੰਧਰ ਲੋਕ ਸਭਾ ਹਲਕੇ ਦੀ 1 ਜੂਨ ਨੂੰ ਹੋਣ ਜਾ ਰਹੀ ਚੋਣ ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸ਼ਵਾਸ ਬਹਾਲੀ ਲਈ ਸੀ.ਏ.ਪੀ.ਐਫ. ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਵਿਖੇ ਫਲੈਗ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਰਾਹੁਲ ਐਸ. ਵੱਲੋਂ ਕੀਤੀ ਗਈ। ਇਸ ਮੌਕੇ ਜਨਰਲ ਆਬਜਰਵਰ ਜੇ ਮੇਘਨਾਥ ਰੈਡੀ ਤੇ ਖ਼ਰਚਾ ਆਬਜਰਵਰ ਮਾਧਵ ਦੇਸ਼ਮੁਖ ਨੇ ਵੀ ਸ਼ਿਰਕਤ ਕੀਤੀ ।

ਬਸਤੀ ਪੀਰ ਦਾਦ ਦੇ ਖੇਤਰ ਵਿੱਚ ਫਲੈਗ ਮਾਰਚ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲੋਕ ਸਭਾ ਚੋਣਾਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ, ਜਿਸ ਦੇ ਲਈ ਹੋਰਨਾਂ ਲੋੜੀਂਦੇ ਪ੍ਰਬੰਧਾਂ ਦੇ ਨਾਲ-ਨਾਲ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਏ ਗਏ ਹਨ ਤਾਂ ਜੋ ਵੋਟਰ ਬਿਨਾਂ ਕਿਸੇ ਡਰ, ਭੈਅ ਤੋਂ ਨਿਡਰ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।

ਉਨ੍ਹਾਂ ਆਮ ਲੋਕਾਂ ਨੂੰ ਸੁਤੰਤਰ ਅਤੇ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਲਈ ਪ੍ਰਸ਼ਾਸਨ ਅਤੇ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਵੋਟਾਂ ਦੌਰਾਨ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਅਜਿਹੇ ਵਿਅਕਤੀਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਜਲੰਧਰ ਲੋਕ ਸਭਾ ਚੋਣ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ 1951 ਪੋਲਿੰਗ ਬੂਥ ਬਣਾਏ ਗਏ ਹਨ, ਜਿਥੇ ਜ਼ਿਲ੍ਹੇ ਦੇ 16.54 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸੌ ਫੀਸਦੀ ਪੋਲਿੰਗ ਬੂਥਾਂ ਦੀ ਵੈਬਕਾਸਟਿੰਗ ਕੀਤੀ ਜਾਵੇਗੀ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਲਈ ਨਿਰਪੱਖ ਅਤੇ ਆਜ਼ਾਦ ਮਾਹੌਲ ਸਿਰਜਣ ਦੀ ਵਚਨਬੱਧਤਾ ਦਹੁਰਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਨਿਰਪੱਖ ਹੋ ਕੇ 1 ਜੂਨ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਮਜ਼ਬੂਤੀ ਲਈ ਹਰੇਕ ਵੋਟ ਬਹੁਤ ਮਹੱਤਵਪੂਰਣ ਹੈ, ਇਸ ਲਈ ਹਰੇਕ ਵੋਟਰ ਨੂੰ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਜ਼ਾਦ ਤੇ ਨਿਰਪੱਖ ਢੰਗ ਚੋਣਾਂ ਕਰਵਾਉਣ ਲਈ ਪੁਲਿਸ ਵੱਲੋਂ ਸੁਰੱਖਿਆ ਅਤੇ ਚੌਕਸੀ ਪਹਿਲਾਂ ਹੀ ਵਧਾ ਦਿੱਤੀ ਗਈ ਹੈ।

ਸੰਵੇਦਨਸ਼ੀਲ ਥਾਵਾਂ ਜਿਥੇ ਪਹਿਲਾਂ ਚੋਣਾਂ ਸਮੇਂ ਲੜਾਈ-ਝਗੜੇ, ਸ਼ਰਾਬ ਅਤੇ ਪੈਸੇ ਸਬੰਧੀ ਮਾਮਲੇ ਸਾਹਮਣੇ ਆਏ ਸਨ, ਉਥੇ ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਟੀਮਾਂ ਵੱਲੋਂ ਬਾਜ਼ ਨਜ਼ਰ ਰੱਖੀ ਜਾ ਰਹੀ ਹੈ।

ਇਸ ਤੋਂ ਇਲਾਵਾ ਪ੍ਰਮੁੱਖ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਚੌਕਾ ਆਦਿ ਵਿਖੇ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਵਿੱਚ ਸੁਰੱਖਿਆ ਭਾਵਨਾ ਨੂੰ ਹੋਰ ਦ੍ਰਿੜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਵੱਲੋਂ ਪੋਲਿੰਗ ਬੂਥਾਂ ਦਾ ਨਿਰੀਖਣ : ਡਿਪਟੀ ਕਮਿਸ਼ਨਰ ਨੇ ਫਲੈਗ ਮਾਰਚ ਦੇ ਰਸਤੇ ਵਿੱਚ ਆਉਣ ਵਾਲੇ ਪੋਲਿੰਗ ਬੂਥਾਂ ਦਾ ਨਿਰੀਖਣ ਕਰਕੇ ਵੋਟਰਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਪੋਲਿੰਗ ਬੂਥਾਂ ’ਤੇ ਬਿਜਲੀ, ਫਰਨੀਚਰ, ਰੈਂਪ, ਇਸਤਰੀ-ਪੁਰਸ਼ ਲਈ ਵੱਖਰੇ ਟਾਇਲਟ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਤੋਂ ਇਲਾਵਾ ਗਰਮੀ ਦੇ ਮੱਦੇਨਜ਼ਰ ਛਾਂ, ਠੰਡਾ ਪਾਣੀ, ਵੇਟਿੰਗ ਰੂਮ ਆਦਿ ਇੰਤਜ਼ਾਮ ਯਕੀਨੀ ਬਣਾਏ ਜਾਣਗੇ ਅਤੇ ਵੋਟਰਾਂ ਨੂੰ ਪੋਲਿੰਗ ਬੂਥਾਂ ’ਤੇ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਜ਼ੁਰਗ ਤੇ ਪੀ.ਡਬਲਯੂ.ਡੀ. ਵੋਟਰਾਂ ਲਈ ਪੋਲਿੰਗ ਬੂਥਾਂ ’ਤੇ ਰੈਂਪ, ਵੀਲ੍ਹਚੇਅਰ, ਵਲੰਟੀਅਰਾਂ ਆਦਿ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।

ਕੈਪਸ਼ਨ : ਡਿਪਟੀ ਕਮਿਸ਼ਨ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਰਾਹੁਲ ਐਸ. ਫਲੈਗ ਮਾਰਚ ਦੀ ਅਗਵਾਈ ਕਰਦੇ ਹੋਏ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।