ਪਾਕਿਸਤਾਨ (ਪੰਜਾਬੀ ਖਬਰਨਾਮਾ) 28 ਮਈ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਇਕ ਸਕੂਲ ਵਿਚ ਅੱਗ ਲੱਗ ਗਈ। ਭਿਆਨਕ ਅੱਗ ਦੀ ਲਪੇਟ ਵਿਚ ਆਉਣ ਵਾਲੀ ਸਕੂਲ ਦੀ ਇਮਾਰਤ ਵਿਚੋਂ ਲਗਪਗ 1,400 ਵਿਦਿਆਰਥਣਾਂ ਨੂੰ ਬਚਾਅ ਲਿਆ।
ਮਿਲੀ ਜਾਣਕਾਰੀ ਮੁਤਾਬਕ ਅੱਗ ਹਰੀਪੁਰ ਜ਼ਿਲ੍ਹੇ ਦੇ ਪਿੰਡ ਸਿਰੀਕੋਟ ਵਿਚ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿਚ ਫੈਲੀ, ਉਸ ਸਮੇਂ ਸਕੂਲ ਵਿਚ ਸੈਂਕੜੇ ਵਿਦਿਆਰਥੀ ਮੌਜੂਦ ਸਨ। ਸਥਾਨਕ ਲੋਕਾਂ ਦੇ ਨਾਲ ਫਾਇਰ ਫਾਈਟਰਜ਼ ਨੇ ਅੱਗ ਉਤੇ ਕਾਬੂ ਪਾਇਆ।
ਬਚਾਅ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਕਿਹਾ ਕਿ ਸਕੂਲ ਦੀ ਅੱਧੀ ਇਮਾਰਤ ਲੱਕੜ ਨਾਲ ਬਣਾਈ ਗਈ ਸੀ। ਖੈਬਰ ਪਖਤੂਨਖਵਾ ਦੇ ਮੁੱਖ ਸਕੱਤਰ ਨਦੀਮ ਅਸਲਮ ਚੌਧਰੀ ਨੇ ਪੁਸ਼ਟੀ ਕੀਤੀ ਕਿ ਸਕੂਲ ਦੀ ਇਮਾਰਤ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਚੌਧਰੀ ਨੇ ਕਿਹਾ ਕਿ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਕੂਲ ਨੂੰ ਜਲਦੀ ਖੋਲ੍ਹ ਦਿੱਤਾ ਜਾਵੇਗਾ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਥਾਨਕ ਨਿਵਾਸੀਆਂ ਨਾਲ ਮਿਲ ਕੇ ਅੱਗ ਬੁਝਾਉਣ ਲਈ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਪਹਾੜੀ ਇਲਾਕਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਵਾਲੀ ਥਾਂ ‘ਤੇ ਪਹੁੰਚਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖੈਬਰ ਪਖਤੂਨਖਵਾ ਦੇ ਮੁੱਖ ਸਕੱਤਰ ਨਦੀਮ ਅਸਲਮ ਚੌਧਰੀ ਮੁਤਾਬਕ ਸਕੂਲ ਦੀ ਇਮਾਰਤ ‘ਚ ਸ਼ਾਰਟ ਸਰਕਟ ਕਾਰਨ ਅੱਗ ਫੈਲ ਗਈ।
ਹਾਲਾਂਕਿ ਇਸ ਸਭ ਵਿਚ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁੱਖ ਸਕੱਤਰ ਨੇ ਅੱਗੇ ਦੱਸਿਆ, ਫਿਲਹਾਲ ਸਕੂਲ ਬੰਦ ਕਰ ਦਿੱਤਾ ਗਿਆ ਹੈ, ਜਲਦੀ ਹੀ ਦੁਬਾਰਾ ਖੋਲ੍ਹਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦਾ ਅਸ਼ਾਂਤ ਸੂਬਾ ਖੈਬਰ ਪਖਤੂਨਖਵਾ ‘ਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਇੱਥੇ ਕਈ ਵਾਰ ਅੱਤਵਾਦੀਆਂ ਵੱਲੋਂ ਸਕੂਲ ਦੀਆਂ ਇਮਾਰਤਾਂ ‘ਤੇ ਹਮਲੇ ਹੁੰਦੇ ਰਹੇ ਹਨ।
8 ਮਈ ਦੀ ਰਾਤ ਨੂੰ ਅਣਪਛਾਤੇ ਅੱਤਵਾਦੀਆਂ ਨੇ ਉੱਤਰੀ ਵਜ਼ੀਰਿਸਤਾਨ ਜ਼ਿਲੇ ਦੀ ਤਹਿਸੀਲ ਸ਼ੇਵਾ ‘ਚ ਲੜਕੀਆਂ ਦੇ ਇਕ ਪ੍ਰਾਈਵੇਟ ਸਕੂਲ ਨੂੰ ਉਡਾ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ‘ਚ ਦੱਸਿਆ ਕਿ ਅੱਤਵਾਦੀਆਂ ਨੇ ਪਹਿਲਾਂ ਚੌਕੀਦਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਅਤੇ ਬਾਅਦ ‘ਚ ਸਕੂਲ ਦੇ ਦੋ ਕਮਰਿਆਂ ਨੂੰ ਉਡਾ ਦਿੱਤਾ।