ਆਈਜ਼ੌਲ (ਪੰਜਾਬੀ ਖਬਰਨਾਮਾ) 28 ਮਈ : ਮਿਜ਼ੋਰਮ ਦੇ ਆਈਜ਼ੌਲ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਲਗਾਤਾਰ ਮੀਂਹ ਦੌਰਾਨ ਪੱਥਰ ਦੀ ਖਾਨ ਡਿੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲਾਪਤਾ ਹਨ।
ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਆਈਜ਼ੌਲ ਸ਼ਹਿਰ ਦੇ ਦੱਖਣੀ ਬਾਹਰੀ ਹਿੱਸੇ ‘ਤੇ ਮੇਲਥਮ ਅਤੇ ਹਲੀਮੇਨ ਦੇ ਵਿਚਕਾਰ ਦੇ ਖੇਤਰ ‘ਚ ਵਾਪਰੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 10 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਕਈ ਹੋਰ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ।
ਮੀਂਹ ਕਾਰਨ ਬਚਾਅ ਕਾਰਜ ਹੋ ਰਿਹੈ ਪ੍ਰਭਾਵਿਤ
ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਬਚਾਅ ਕਾਰਜ ਪ੍ਰਭਾਵਿਤ ਹੋ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਸੂਬੇ ‘ਚ ਕਈ ਥਾਵਾਂ ‘ਤੇ ਜ਼ਮੀਨ ਖਿਸਕ ਗਈ। ਹੰਥਰ ਵਿਖੇ ਨੈਸ਼ਨਲ ਹਾਈਵੇਅ 6 ‘ਤੇ ਜ਼ਮੀਨ ਖਿਸਕਣ ਕਾਰਨ ਆਈਜ਼ੌਲ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਗਿਆ ਹੈ।
ਬੰਦ ਰਹਿਣਗੇ ਸਕੂਲ
ਇਸ ਤੋਂ ਇਲਾਵਾ ਜ਼ਮੀਨ ਖਿਸਕਣ ਕਾਰਨ ਕਈ ਅੰਤਰਰਾਜੀ ਹਾਈਵੇਅ ਵੀ ਪ੍ਰਭਾਵਿਤ ਹੋਏ ਹਨ। ਮੀਂਹ ਕਾਰਨ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਛੱਡ ਕੇ ਸਰਕਾਰੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ।
ਆਈਜ਼ੌਲ ਦੇ ਬਾਹਰੀ ਇਲਾਕੇ ‘ਚ ਲਗਾਤਾਰ ਮੀਂਹ ਕਾਰਨ ਪੱਥਰ ਦੀ ਖਾਨ ਦੇ ਡਿੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਕਰਮਚਾਰੀ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਨਦੀਆਂ ਦੇ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ ਤੇ ਨਦੀਆਂ ਦੇ ਕਿਨਾਰਿਆਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।