ਮਹਿਲ ਕਲਾਂ, 23 ਮਈ (ਪੰਜਾਬੀ ਖਬਰਨਾਮਾ) : ਲੋਕ ਸਭਾ ਚੋਣਾਂ ‘ਚ ਵੱਧ ਵੋਟਿੰਗ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਬਰਨਾਲਾ ‘ਚ ਚਲਾਈਆਂ ਜਾ ਰਹੀਆਂ ਸਰਗਰਮੀਆਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੀ ਅਗਵਾਈ ਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐਮ. ਮਹਿਲ ਕਲਾਂ-104 ਸ. ਸਤਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੋਟਰਾਂ ਨੂੰ ਵੋਟਾਂ ਸਬੰਧੀ ਵੱਖ-ਵੱਖ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰਕੇ ਉਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਸਵੀਪ ਟੀਮ ਮਹਿਲ ਕਲਾਂ -104 ਵੱਲੋਂ ਮੋਬਾਇਲ ਐਪ ਨਾਲ ਸਬੰਧਤ ਫਲੈਕਸ ਸ਼ੇਰਪੁਰ ਵਿੱਚ ਢੰਡਾ ਪੱਤੀ, ਥਿੰਦ ਪੱਤੀ ਦਰਵਾਜ਼ਾ ਮੇਨ ਬਾਜ਼ਾਰ, ਬੱਸ ਸਟੈਂਡ ਸ਼ੇਰਪੁਰ, ਗਰੇਵਾਲ ਪੱਤੀ ਸ਼ੇਰਪੁਰ, ਮਹਿਲ ਕਲਾਂ, ਕਲਾਲ ਮਾਜਰਾ , ਟੱਲੇਵਾਲ, ਧਨੇਰ, ਵਜੀਦਕੇ ਕਲਾਂ, ਹਮੀਦੀ ਵਿਖੇ ਲਗਾਏ ਗਏ।
ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਨੇ ਦੱਸਿਆ ਕਿ ਵੋਟਰਾਂ ਦੀ ਮੱਦਦ ਲਈ ਵੱਖ-ਵੱਖ ਮੋਬਾਇਲ ਐਪ ਬਣਾਈਆਂ ਗਈਆਂ ਹਨ। ਵੋਟਰ ਹੈਲਪ ਲਾਈਨ, ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਸਕਸ਼ਮ ਐਪ, ਸੀ-ਵਿਜਿਲ, ਨੋ ਯੂਅਰ ਕੈਂਡੀਡੇਟ, ਵੋਟਰ ਸਰਵਿਸ ਪੋਰਟਲ ਅਤੇ ਵੋਟਰ ਜਾਗਰੂਕਤਾ ਐਪ ਲਾਂਚ ਕੀਤੇ ਗਏ ਹਨ, ਜਿਸ ‘ਚ ਵੋਟਰਾਂ ਨੂੰ ਵੋਟਾਂ ਸਬੰਧੀ ਵੱਖ-ਵੱਖ ਸੂਚਨਾ ਆਸਾਨੀ ਨਾਲ ਮਿਲ ਸਕਦੀ ਹੈ। ਇਹ ਐਪ ਨੂੰ ਗੂਗਲ ਪਲੇਅ ਸਟੋਰ ਤੇ ਐੱਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਮੋਬਾਇਲ ਐਪ ਵੋਟਰ ਹੈਲਪ ਲਾਈਨ ਰਾਹੀਂ ਵੋਟਰ ਜਿੱਥੇ ਆਪਣੀ ਵੋਟ ਬਣਾਉਣ ਤੇ ਉਸ ਨਾਲ ਸਬੰਧਤ ਹੋਰ ਸੇਵਾਵਾਂ ਹਾਸਿਲ ਕਰ ਸਕਦੇ ਹਨ, ਉੱਥੇ ਹੀ ਐਪ ਰਾਹੀਂ ਚੋਣਾਂ ਦੇ ਨਤੀਜਿਆਂ, ਪੋਲਿੰਗ ਬੂਥ ਆਦਿ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਸਕਸ਼ਮ ਐੱਪ ‘ਚ ਲੋਗ ਇਨ ਕਰਨ ਤੋਂ ਬਾਅਦ ਦਿਵਿਆਂਗ ਵੋਟਰ ਇਸ ਐੱਪ ‘ਤੇ ਵੀਲ ਚੇਅਰ ਲਈ ਬੇਨਤੀ ਕਰ ਸਕਦਾ ਹੈ।