ਫਿਰੋਜ਼ਪੁਰ (ਪੰਜਾਬੀ ਖਬਰਨਾਮਾ) 24 ਮਈ : ਪਾਤਰਕਾਰਾ ਵੱਲੋਂ ਪ੍ਰਮੁੱਖਤਾ ਨਾਲ ਚੁੱਕੇ ਜਾਣ ਮਗਰੋਂ ਭਾਵੇਂ ਹੁਣ ਲਗਪਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਹਰ ਸਟੇਜ ਤੋਂ ਹੁਸੈਨੀਵਾਲਾ ਬਾਰਡਰ ਨੂੰ ਵਪਾਰ ਲਈ ਮੁੜ ਖੁੱਲਵਾਉਣ ਦੇ ਦਾਅਵੇ ਤਾਂ ਕਰ ਰਹੇ ਹਨ ਪਰ ਗਰੰਟੀ ਕੋਈ ਵੀ ਨਹੀਂ ਦੇ ਰਿਹਾ। ਹੁਣ ਜਦੋਂਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਨੀਫੈਸਟੋ ਨੂੰ ‘ਗਰੰਟੀ ਕਾਰਡ’ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਤਾਂ ਅਜਿਹੇ ਵਿੱਚ ਹੁਸੈਨੀਵਾਲਾ ਦੀ ਗਰੰਟੀ ਨਾ ਦੇਣਾ ਬੀਤੇ 53 ਸਾਲਾਂ ਤੋਂ ਚੱਲੇ ਆ ਰਹੇ ਨੇਤਾਵਾਂ ਦੇ ਮਹਿਜ਼ ਵੋਟ ਲਾਰਿਆਂ ਦੀ ਹੀ ਸੰਭਾਵਨਾ ਜਤਾ ਰਿਹਾ ਹੈ।
ਉਧਰ ਲੋਕ ਸਭਾ ਹਲਕਾ ਫਿਰੋਜ਼ਪੁਰ ਹੈਡਕੁਆਰਟਰ ਤੋਂ ਲੈ ਕੇ ਨੇਤਾਵਾਂ ਲਈ ਚੋਣ ਪ੍ਰਚਾਰ ਕਰਨ ਆ ਰਹੇ ਹਰ ਸਿਆਸੀ ਨੇਤਾ ਵੱਲੋਂ ਵੀ ਭਾਵੇਂ ਚੋਣ ਵਾਅਦਿਆਂ ਅਤੇ ਲਾਰਿਆਂ ਵਿਚ ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣ ਦਾ ਮੁੱਦਾ ਹੀ ਮੁੱਖ ਤੌਰ ’ਤੇ ਪ੍ਰਚਾਰਿਆ ਜਾ ਰਿਹਾ ਹੈ,ਪਰ ਬੀਤੇ ਸਮੇਂ ਦੌਰਾਨ ਕੇਂਦਰੀ ਹਾਕਮਾਂ ਦੇ ਕਰੀਬੀ ਸਥਾਨਕ ਨੇਤਾਵਾਂ ਨੇ ਕਦੇ ਵੀ ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣ ਲਈ ਯਤਨ ਹੀ ਨਹੀਂ ਕੀਤੇ। ਜ਼ਿਕਰਯੋਗ ਹੈ ਕਿ ਭਾਰਤ ਦੇ ਆਜ਼ਾਦ ਹੋਣ ਮਗਰੋਂ ਪਾਕਿਸਤਾਨ ਨਾਲ ਵਪਾਰ ਅਤੇ ਆਵਾਜਾਈ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਬਾਰਡਰ ਤੋਂ ਇਲਾਵਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਪਾਕਿਸਤਾਨ ਦੇ ਗੰਡਾ ਸਿੰਘ ਵਾਲਾ ਤੋਂ ਵੀ ਹੁੰਦੀ ਰਹੀ ਹੈ। 1971 ਦੀ ਹਿੰਦ-ਪਾਕਿ ਜੰਗ ਮਗਰੋਂ ਹੁਸੈਨੀਵਾਲਾ ਤੋਂ ਵਪਾਰ ਅਜਿਹਾ ਬੰਦ ਹੋਇਆ ਕਿ ਫਿਰ ਕਦੇ ਸ਼ੁਰੂ ਨਾ ਹੋ ਸਕਿਆ। ਦੇਸ਼ ਦੀ ਸਿਆਸਤ ਵਿਚ ਚੰਗੀ ਪੈਂਠ ਰੱਖਣ ਵਾਲੇ ਫਿਰੋਜ਼ਪੁਰ ਦੇ ਪੁਰਾਣੇ ਵਪਾਰੀਆਂ ਅਤੇ ਆਮ ਸ਼ਹਿਰੀਆਂ ਦਾ ਮੰਨਣਾ ਹੈ ਕਿ ਪਹਿਲਾਂ ਜਦੋਂ ਕਿਤੇ ਸਾਹਿਬੇ ਹੈਸੀਅਤ ਵਪਾਰੀਆਂ ਨੇ ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣ ਲਈ ਉਪਰਾਲਾ ਕਰਨਾ ਤਾਂ ਅੰਮ੍ਰਿਤਸਰ ਦੀ ਵਪਾਰਕ ਲਾਬੀ ਵੱਲੋਂ ਸਬੰਧਤ ਸਿਆਸੀ ਹਾਕਮ ਤੱਕ ਪਹੁੰਚ ਕਰ ਕੇ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਰਿਹਾ ਹੈ।
ਹੈਰਾਨੀਜਨਕ ਪਹਿਲੂ ਇਹ ਵੀ ਰਿਹਾ ਕਿ ਸਮੇਂ-ਸਮੇਂ ’ਤੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਵੱਡੇ ਸਿਆਸਤਦਾਨਾਂ ਦੀ ਸਮੇਂ ਦੇ ਕੇਂਦਰੀ ਹਾਕਮਾਂ ਨਾਲ ਬਹੁਤ ਜ਼ਿਆਦਾ ਨਜ਼ਦੀਕੀ ਦੇ ਬਾਵਜੂਦ ਵੀ ਉਹ ਅੰਮ੍ਰਿਤਸਰ ਦੀ ਵਪਾਰਕ ਲਾਬੀ ਦੇ ਹੱਕ ਵਿਚ ਭੁਗਤਦੇ ਰਹੇ। ਮੌਜੂਦਾ ਹਲਾਤ ਇਹ ਹਨ ਕਿ ਪਹਿਲੋ-ਪਹਿਲ ਅੰਮ੍ਰਿਤਸਰ ਤੋਂ ਹੋਣ ਵਾਲੀ ਮੁਖਾਲਫਤ ਬੀਤੇ ਕੁੱਝ ਸਾਲਾਂ ਵਿਚ ਸਮੁੰਦਰੀ ਵਪਾਰੀਆਂ ਵੱਲੋਂ ਵੀ ਹੋਣ ਲੱਗੀ। ਸਾਲ 2017 ਵਿਚ ਜਦੋਂ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਬਾਰਡਰ ਤੋਂ ਵੀ ਪਾਕਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ ਗਿਆ ਤਾਂ ਫਿਰੋਜ਼ਪੁਰ ਵਾਸੀਆਂ ਦੀ ਹੁਸੈਨੀਵਾਲਾ ਬਾਰਡਰ ਖੋਲ੍ਹੇ ਜਾਣ ਦੀ ਧੁੰਦਲੀ ਉਮੀਦ ਬਿਲਕੁਲ ਹੀ ਖਤਮ ਹੋ ਗਈ। ਫਿਰੋਜ਼ਪੁਰ ਦੇ ਵਪਾਰੀਆਂ ਦਾ ਕਹਿਣਾ ਹੈ ਪਾਕਿਸਤਾਨ ਨਾਲ ਸਮੁੰਦਰ ਜ਼ਰੀਏ ਵਪਾਰ ਕਰ ਰਹੀ ਗੁਜਰਾਤ ਲਾਬੀ ਮੌਜੂਦਾ ਦੌਰ ਵਿਚ ਇਸ ਕਦਰ ਹਾਵੀ ਹੈ ਕਿ ਹੁਣ ਤਾਂ ਹੁਸੈਨੀਵਾਲਾ ਬਾਰਡਰ ਨੂੰ ਵਪਾਰ ਲਈ ਖੁੱਲ੍ਹਵਾਇਆ ਜਾਣਾ ਲਗਪਗ ਅਸੰਭਵ ਹੀ ਹੈ।
ਹੁਸੈਨੀਵਾਲਾ ਤੋਂ ਆਉਂਦਾ ਸੀ ਪਾਕਿਸਤਾਨੀ ਫਰੂਟ ਤੇ ਅਫਗਾਨੀ ਡਰਾਈ ਫਰੂਟ
ਫਿਰੋਜ਼ਪੁਰ ਦੀ ਸਬਜ਼ੀ ਮੰਡੀ ਵਿਚ 1935 ਤੋਂ ਆੜ੍ਹਤ ਕਰ ਰਹੀ ਫਰਮ ਚੰਬਾ ਮੱਲ ਗੰਡਾ ਰਾਮ ਥਿੰਦ ਦੇ ਮੌਜੂਦਾ ਮਾਲਕ ਰਮੇਸ਼ ਥਿੰਦ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਲਾਹੌਰ ਤੋਂ ਫਿਰੋਜ਼ਪੁਰ ਹੁੰਦੇ ਹੋਏ ਦਿੱਲੀ ਬੰਬੇ ਤੱਕ ਮੇਨ ਰੂਟ ਹੁੰਦਾ ਸੀ। ਪਾਕਿਤਸਾਨ ਅਤੇ ਅਫਗਾਨਿਸਤਾਨ ਦਾ ਅੰਗੂਰ, ਸੰਤਰਾ, ਅਨਾਰ ਅਤੇ ਡਰਾਈ ਫਰੂਟ ਆਦਿ ਇਸ ਰੂਟ ਤੋਂ ਹੀ ਜ਼ਿਆਦਾ ਆਉਣ-ਜਾਣ ਹੁੰਦਾ ਸੀ। 1971 ਦੀ ਲੜਾਈ ਦੇ ਬਾਅਦ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਤੋਂ ਤਾਂ ਵਪਾਰ ਬੰਦ ਕਰ ਦਿੱਤਾ ਗਿਆ ਪਰ ਅੰਮ੍ਰਿਤਸਰ ਤੋਂ ਬਾਕਾਇਦਾ ਚੱਲਦਾ ਰਿਹਾ।
ਬਲਰਾਮ ਜਾਖੜ ਤੇ ਗਿਆਨੀ ਜ਼ੈਲ ਸਿੰਘ ਚਾਹੁੰਦੇ ਤਾਂ ਖੁੱਲ੍ਹ ਸੱਕਦਾ ਸੀ ਬਾਰਡਰ
ਸਥਾਨਕ ਸਬਜ਼ੀ ਮੰਡੀ ਦੇ ਵਪਾਰੀਆਂ ਨੇ ਦੱਸਿਆ ਕਿ 1971 ਵਿਚ ਬਾਰਡਰ ਬੰਦ ਹੋਣ ਮਗਰੋਂ ਉਨ੍ਹਾਂ ਕਈ ਵਾਰ ਦੇਸ਼ ਦੀ ਤੱਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਤੱਕ ਪਹੁੰਚ ਕਰ ਕੇ ਵੀ ਇਹ ਮੁੱਦਾ ਚੁੱਕਿਆ ਪਰ ਜਦੋਂ ਵੀ ਕੋਈ ਹਿਲਜੁਲ ਹੋਣ ਲੱਗਦੀ ਤਾਂ ਕੁੱਝ ਖਾਸ ਵਪਾਰਕ ਲਾਬੀ ਵੱਲੋਂ ਦਬਾਅ ਪਾ ਕੇ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਤੋਂ ਇਲਾਵਾ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਗਿਆਨੀ ਜ਼ੈਲ ਸਿੰਘ ਜੇ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵਿਸ਼ਵਾਸ ਪਾਤਰ ਸਨ ਤਾਂ ਚੌਧਰੀ ਬਲਰਾਮ ਜਾਖੜ ਦਾ ਸ਼੍ਰੀਮਤੀ ਇੰਦਰਾ ਗਾਂਧੀ ’ਤੇ ਇਸ ਕਦਰ ਪ੍ਰਭਾਵ ਸੀ ਕਿ ਉਹ ਕੋਈ ਵੀ ਕੰਮ ਬੜੀ ਜ਼ੁਰਅੱਤ ਨਾਲ ਕਰਵਾ ਸਕਦੇ ਸਨ। ਅਜਿਹੇ ’ਚ ਉਨ੍ਹਾਂ ਲੋਕਾਂ ਦੀ ਪਤਾ ਨਹੀਂ ਕੀ ਮਜਬੂਰੀ ਸੀ ਕਿ ਉਨ੍ਹਾਂ ਵੀ ਪੰਜਾਬ ਦੀ ਸਰਹੱਦ ਤੋਂ ਵਪਾਰ ਖੁੱਲ੍ਹਵਾਉਣ ਨੂੰ ਤਰਜੀਹ ਨਹੀਂ ਦਿੱਤੀ।
ਸੁਖਬੀਰ, ਹਰਸਿਮਰਤ ਤੇ ਅਟਵਾਲ ਵੀ ਰਹੇ ਹਨ ਕੇਂਦਰ ਸਰਕਾਰਾਂ ’ਚ ਅਹਿਮ ਅਹੁਦਿਆਂ ’ਤੇ
ਕਾਂਗਰਸ ਦਾ ਯੁੱਗ ਪਲਟਿਆ ਤਾਂ ਪਹਿਲਾਂ 1997 ਤੋਂ 2004 ਅਤੇ ਬਾਅਦ ਵਿਚ 2014 ਤੋਂ 2021 ਤੱਕ ਅਕਾਲੀ ਦਲ ਵੀ ਕੇਂਦਰ ਸਰਕਾਰ ਵਿਚ ਲੰਮਾਂ ਸਮਾਂ ਭਾਈਵਾਲ ਰਿਹਾ ਹੈ। ਇਸ ਦੌਰਾਨ ਚਰਨਜੀਤ ਸਿੰਘ ਅਟਵਾਲ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਤਾਂ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਕੈਬਨਿਟ ਮੰਤਰੀ ਰਹੇ। ਇਸ ਤੋਂ ਇਲਾਵਾ ਪੁਰਾਣੇ ਫਿਰੋਜ਼ਪੁਰ ਦੇ ਹੀ ਜੰਮਪਲ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਕੇਂਦਰ ਦੀਆਂ ਸਰਕਾਰਾਂ ਦੇ ਅਹਿਮ ਭਾਈਵਾਲਾਂ ਵਿਚੋਂ ਸਨ।
2024 ਚੋਣਾਂ ’ਚ ਕੌਣ-ਕੌਣ ਅਲਾਪ ਰਿਹਾ ਹੈ ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣ ਦਾ ਰਾਗ
ਲੋਕ ਸਭਾ ਚੋਣਾਂ ਦੌਰਾਨ ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣ ਦਾ ਮੁੱਦਾ ਚਰਚਾ ਵਿਚ ਆਉਂਦਿਆਂ ਹੀ ਲਗਪਗ ਹਰ ਸਿਆਸੀ ਧਿਰ ਦੇ ਲੋਕਾਂ ਵੱਲੋਂ ਬਾਰਡਰ ਖੁੱਲ੍ਹਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣ ਦਾ ਵਾਅਦਾ ਕਰਨ ਵਾਲਿਆਂ ’ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਅਕਾਲੀ ਸੁਪ੍ਰੀਮੋ ਸੁਖਬੀਰ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ, ਸ਼ੇਰ ਸਿੰਘ ਘੁਬਾਇਆ, ਨਰਦੇਵ ਸਿੰਘ ਬੌਬੀ ਮਾਨ, ਜਗਦੀਪ ਸਿੰਘ ਕਾਕਾ ਬਰਾੜ, ਅਕਾਲੀ ਦਲ ਫਤਿਹ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੋਂ ਇਲਾਵਾ ਹੋਰ ਵੀ ਕਈ ਆਗੂ ਸ਼ਾਮਲ ਹਨ।