ਗੁਰਦਾਸਪੁਰ (ਪੰਜਾਬੀ ਖਬਰਨਾਮਾ) 22 ਮਈ : ਦੇਸ਼ ਦਾ ਵਿਕਾਸ ਤੇ ਤਰੱਕੀ ਤਾਂ ਹੀ ਸੰਭਵ ਹੈ ਜੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਯੋਜਨਾਵਾਂ ਜੋ ਜਨ ਭਲਾਈ ਲਈ ਘੜੀਆਂ ਜਾਂਦੀਆਂ ਹਨ, ਦੇਸ਼ ਦੇ ਹਰ ਬਸ਼ਿੰਦੇ ਤੱਕ ਪੁੱਜਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਤਾ ਲਈ ਕਈ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਵਿਚ ਪੀਐੱਮ ਆਵਾਸ ਯੋਜਨਾ (ਗ੍ਰਾਮੀਣ), ਹਰ ਘਰ ਜਲ ਯੋਜਨਾ, ਪੀਐੱਮ ਆਵਾਸ ਯੋਜਨਾ (ਅਰਬਨ), ਪੀਐੱਮ ਉਜਵਲ ਯੋਜਨਾ, ਪੀਐੱਮ ਜਨ ਅਰੋਗਿਆ ਯੋਜਨਾ, ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਆਦਿ ਸ਼ਾਮਲ ਹਨ।
ਕੇਂਦਰ ਸਰਕਾਰ ਦੀ ਇਹ ਪੁਰਜ਼ੋਰ ਕੋਸ਼ਿਸ਼ ਹੈ ਕਿ ਇਨ੍ਹਾਂ ਸਕੀਮਾਂ ਦਾ ਲਾਭ ਬਿਨਾ ਕਿਸੇ ਪੱਖਪਾਤ ਦੇ ਹਰ ਨਾਗਰਿਕ ਤੱਕ ਪਹੁੰਚੇ। ਇਸ ਦੀ ਮਿਸਾਲ ਦੇਖਣ ਨੂੰ ਮਿਲੀ ਭਾਰਤ-ਪਾਕਿਸਤਾਨ ਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਦੇ ਪਿੰਡ ਸਕੋਲ ਵਿਚ, ਜਿਥੇ ਭਾਵੇਂ ਕਿ ਸਰਹੱਦੀ ਖੇਤਰ ਕਰਕੇ ਕੁਝ ਸਹੂਲਤਾਂ ਦੀ ਘਾਟ ਜਾਂ ਪੱਛੜਾਪਣ ਦੇਖਣ ਨੂੰ ਮਿਲਿਆ ਪਰ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਲਾਭਪਾਤਰੀ ਵੀ ਦੇਖਣ ਨੂੰ ਮਿਲੇ।
ਸਕੋਲ ਪਿੰਡ ਦੇ ਵਸਨੀਕਾਂ ਅਨੀਤਾ ਕੁਮਾਰੀ ਤੇ ਪਵਨ ਕੁਮਾਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਬਹੁਤ ਹੀ ਭੋਲੇਪਣ ਨਾਲ ਕਿਹਾ ਕਿ ਮੋਦੀ ਜੀ ਦੀ ਆਵਾਸ ਯੋਜਨਾ ਤਹਿਤ ਸਾਨੂੰ ਸਿਰ ਢੱਕਣ ਨੂੰ ਥਾਂ ਮਿਲ ਗਈ ਅਸੀਂ ਬਹੁਤ ਧੰਨਵਾਦੀ ਹਾਂ। ਇਸ ਤੋਂ ਪਹਿਲਾਂ ਸਾਲਾਂ ਬੱਧੀ ਕੱਚੇ ਘਰ ਵਿਚ ਰਹਿ ਦੇ ਬੇਹੱਦ ਦੁਸ਼ਵਾਰੀਆਂ ਦਾ ਸਾਹਮਣਾ ਕੀਤਾ। ਹੁਣ ਕੀਤੇ ਜਾ ਕੇ ਜਾਨ ਸੌਖੀ ਹੋਈ ਹੈ।
ਮਿਲ ਰਹੀਆਂ ਹਨ ਇਹ ਸਹੂਲਤਾਂ
ਪਿੰਡ ਸਿਬਲ ਤੇ ਪਿੰਡ ਸਕੌਲ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੀਐੱਮ ਆਵਾਸ ਯੋਜਨਾ (ਗ੍ਰਾਮੀਣ), ਹਰ ਘਰ ਜਲ ਯੋਜਨਾ, ਪੀਐੱਮ ਉਜਵਲ ਯੋਜਨਾ, ਪੀਐੱਮ ਜਨ ਅਰੋਗਿਆ ਯੋਜਨਾ, ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਮਿਲ ਰਿਹਾ ਹੈ। ਜਾਗਰੂਕਤਾ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਵੇਂ ਇਨ੍ਹਾਂ ਦਾ ਲਾਭ ਲੈਣਾ ਹੈ ਤੇ ਇਹ ਸਹਲੂਤਾਂ ਕਿਹੜੀ ਸਰਕਾਰ ਦੇ ਰਹੀ ਹੈ। ਬੱਸ ਪਿੰਡ ਦੇ ਸਰਪੰਚ ਨੇ ਲਾਭਪਾਤਰੀ ਬਣਾ ਦਿੱਤਾ ਤੇ ਉਹ ਲੈ ਰਹੇ ਹਨ।
ਕਿਸਾਨਾਂ ਦੇ ਖਾਤਿਆਂ ’ਚ ਆ ਰਹੀ ਹੈ ਰਕਮ
ਪਿੰਡ ਸਕੌਲ ਦੀ ਸੰਤੋਸ਼ ਕੌਰ ਤੇ ਕੁਲਜਿੰਦਰ ਕੌਰ ਨੇ ਦੱਸਿਆ ਕਿ ਖਾਤਿਆਂ ਵਿਚ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 2000-2000 ਰੁਪਏ ਖਾਤਿਆਂ ਵਿਚ ਆ ਰਹੇ ਹਨ। ਸਿਲੰਡਰਾਂ ’ਤੇ ਸਬਸਿਡੀ ਮਿਲਦੀ ਹੈ।
ਮਨਰੇਗਾ ਸਕੀਮ ਤਹਿਤ ਮਿਲਦਾ ਹੈ ਦਿਹਾੜੀਦਾਰਾਂ ਨੂੰ ਕੰਮ
ਪਿੰਡ ਵਾਸੀਆਂ ਦਾ ਕਹਿਣਾ ਹੈ ਮਨਰੇਗਾ ਸਕੀਮ ਤਹਿਤ ਦਿਹਾੜੀਦਾਰਾਂ ਨੂੰ ਸਾਲ ਵਿਚ ਇਕ ਦੋ ਮਹੀਨੇ ਹੀ ਕੰਮ ਮਿਲਦਾ ਹੈ ਜੋ ਕਿ ਸਾਲ ਭਰ ਮਿਲਣਾ ਚਾਹੀਦਾ ਹੈ ਤਾਂ ਜੋ ਜੀਵਨ ਬਸਰ ਕਰਨ ਲਈ ਦਰ ਦਰ ਨਾ ਭਟਕਣਾ ਪਵੇ।
ਚੋਣਾਂ ਦਾ ਮਾਹੌਲ
ਚੁਣਾਵੀ ਮਾਹੌਲ ਦਾ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਾ ਚੋਣ ਪ੍ਰਚਾਰ ਦੇਖਣ ਨੂੰ ਮਿਲਿਆ ਪਰ ਸਰਹੱਦ ’ਤੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਘੱਟ ਸੀ।