ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 22 ਮਈ : ਦੇਸ਼ ਵਿਚ ਭਿਆਨਕ ਗਰਮੀ ਨੂੰ ਦੇਖਦਿਆਂ ਭਾਰਤ ਦੇ ਮੌਸਮ ਵਿਭਾਗ (IMD) ਨੇ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ, ਜਿਸ ਵਿਚ ਅਗਲੇ ਪੰਜ ਦਿਨਾਂ ਤਕ ਤੇਜ਼ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ। ਇਨ੍ਹਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਦਿਨ ਦਾ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਪਾਰ ਹੋ ਸਕਦਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਨੂੰ ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ, ਰਾਜਸਥਾਨ ਦੇ ਕੁਝ ਹਿੱਸਿਆਂ ਦੇ ਨਾਲ-ਨਾਲ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਭਿਆਨਕ ਗਰਮੀ ਦੇ ਹਾਲਾਤ ਦੇਖੇ ਗਏ। ਇਸ ਤੋਂ ਇਲਾਵਾ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਰਾਤ ਦੇ ਸਮੇਂ ਵੀ ਗਰਮੀ ਦੇਖਣ ਨੂੰ ਮਿਲੀ।
ਮੰਗਲਵਾਰ ਨੂੰ ਵੱਧ ਤਾਪਮਾਨ ਹਰਿਆਣਾ ਦੇ ਸਿਰਸਾ ਵਿਚ 47.8 ਡਿਗਰੀ ਸੈਲਸੀਅਸ ਤੇ ਦਿੱਲੀ ਦੇ ਨਜ਼ਫਗੜ੍ਹ ਵਿਚ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੰਗਲਵਾਰ ਨੂੰ ਭਾਰਤ ‘ਚ ਸਭ ਤੋਂ ਵੱਧ ਤਾਪਮਾਨ ਵਾਲੇ ਸਥਾਨ
• ਸਿਰਸਾ (ਹਰਿਆਣਾ): 47.8°C
• ਨਜ਼ਫਗੜ੍ਹ (ਦਿੱਲੀ): 47.4°C
• ਪਿਲਾਨੀ (ਰਾਜਸਥਾਨ): 47.2°C
• ਬਠਿੰਡਾ ਹਵਾਈ ਅੱਡਾ (ਪੰਜਾਬ): 46.6°C
• ਆਗਰਾ ਤਾਜ (ਉੱਤਰ ਪ੍ਰਦੇਸ਼): 46.6°C
• ਰਤਲਾਮ (ਮੱਧ ਪ੍ਰਦੇਸ਼): 45.6°C
• ਸੁਰੇਂਦਰਨਗਰ (ਗੁਜਰਾਤ): 45.4°C
• ਅਕੋਲਾ (ਮਹਾਰਾਸ਼ਟਰ): 44.0°C
• ਦੁਰਗ (ਛੱਤੀਸਗੜ੍ਹ): 43.6°C
• ਊਨਾ (ਹਿਮਾਚਲ ਪ੍ਰਦੇਸ਼): 42.4°C
22 ਮਈ ਨੂੰ ਲੂ ਦਾ ਅਲਰਟ ਜਾਰੀ
ਅਗਲੇ 5 ਦਿਨਾਂ ਵਿਚ ਉੱਤਰੀ ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੀਟਵੇਵ ਦੇ ਹਾਲਾਤ ਹੋਣ ਦੀ ਸੰਭਾਵਨਾ ਹੈ। ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿਚ 2-3 ਡਿਗਰੀ ਵਾਧਾ ਹੋਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਵਿਚ ਉੱਤਰ-ਪੱਛਮੀ ਭਾਰਤ ਅਤੇ ਮਹਾਰਾਸ਼ਟਰ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਦੀ ਉਮੀਦ ਨਹੀਂ ਹੈ, ਜਿਸ ਤੋਂ ਬਾਅਦ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ।
ਦਿੱਲੀ ਵਿਚ ਅੱਜ ਦੇ ਮੌਸਮ ਦੀ ਭਵਿੱਖਬਾਣੀ
ਬੁੱਧਵਾਰ ਨੂੰ ਦਿੱਲੀ ‘ਚ ਅਸਮਾਨ ਸਾਫ਼ ਰਹੇਗਾ। ਆਈਐੱਮਡੀ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਥਾਵਾਂ ‘ਤੇ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ। 20-30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।