ਜਲੰਧਰ (ਪੰਜਾਬੀ ਖਬਰਨਾਮਾ) 21 ਮਈ : ਲੋਕ ਸਭਾ ਚੋਣਾਂ ਦੌਰਾਨ ਅਤਿ ਮਹੱਤਵਪੂਰਨ (ਵੀਆਈਪੀ) ਬਣ ਚੁੱਕੀ ਜਲੰਧਰ ਸੀਟ ਤੋਂ ਚੋਣ ਲੜ ਰਹੇ ਵੱਖ-ਵੱਖ ਪਾਰਟੀਆ ਦੇ ਉਮੀਦਵਾਰਾਂ ਲਈ ਇੱਥੋਂ ਦਰਜ ਕਰਨੀ ਆਸਾਨ ਨਹੀਂ ਹੋਵੇਗੀ। ਮੁੱਖ ਪੰਜ ਉਮੀਦਵਾਰਾਂ ’ਚ ਜਿੱਥੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲ-ਬਦਲ ਕੇ ਦੂਜੀਆਂ ਪਾਰਟੀਆ ’ਚ ਆਏ ਹਨ, ਉਥੇ ਹੀ ਕਾਂਗਰਸੀ ਉਮੀਦਵਾਰ ਹਲਕੇ ਤੋਂ ਬਾਹਰਲੇ ਹਨ। ਸਿਰਫ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹੀ ਅਜਿਹੇ ਹਨ, ਜੋ ਇੱਥੋਂ ਪਹਿਲਾਂ ਵੀ ਬਸਪਾ ਦੀ ਟਿਕਟ ’ਤੇ ਹੀ ਚੋਣ ਲੜ ਚੁੱਕੇ ਹਨ। ਚੋਣ ਮੈਦਾਨ ’ਚ ਨਿੱਤਰੇ ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਦੇ ਹੱਕ ਤੇ ਵਿਰੋਧ ’ਚ ਵੱਖ-ਵੱਖ ਤਰ੍ਹਾਂ ਦੇ ਤੱਥ ਹਨ। ਅਨੁਸੂਚਿਤ ਜਾਤੀ ਲਈ ਰਾਖਵੇਂ ਇਸ ਹਲਕੇ ਤੋਂ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂੰ, ਭਾਰਤੀ ਜਨਤਾ ਪਾਰਟੀ ਵੱਲੋਂ ਸੁਸ਼ੀਲ ਕੁਮਾਰ ਰਿੰਕੂ, ਸ਼੍ਰੋੋਮਣੀ ਅਕਾਲੀ ਦਲ ਵੱਲੋਂ ਮੋਹਿੰਦਰ ਸਿੰਘ ਕੇਪੀ, ਬਹੁਜਨ ਸਮਾਜ ਪਾਰਟੀ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਪ੍ਰਮੁੱਖ ਉਮੀਦਵਾਰ ਹਨ। ਹਾਲਾਂਕਿ ਹਲਕੇ ਤੋਂ ਕੁੱਲ 20 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ’ਚ ਸੀਪੀਆਈ (ਐੱਮ) ਦੇ ਪੁਰਸ਼ੋਤਮ ਲਾਲ ਬਿਲਗਾ, ਅਪਨਾ ਸਮਾਜ ਪਾਰਟੀ ਦੇ ਰਾਜਵੰਤ ਕੌਰ ਖਾਲਸਾ, ਰਿਪਬਲਿਕਨ ਪਾਰਟੀ ਆਫ ਇੰਡੀਆ (ਆਠਵਲੇ) ਦੀ ਸੋਨੀਆ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਰਾਜ ਕੁਮਾਰ ਸਾਕੀ, ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਗੁਲਸ਼ਨ ਕੁਮਾਰ, ਸ਼੍ਰੋੋਮਣੀ ਆਕਾਲੀ ਦਲ ਅੰਮ੍ਰਿਤਸਰ ਦੇ ਸਰਬਜੀਤ ਸਿੰਘ ਖਾਲਸਾ ਤੋਂ ਇਲਾਵਾ 7 ਆਜ਼ਾਦ ਉਮੀਦਵਾਰ ਸ਼ਾਮਲ ਹਨ। ਪਿਛਲੀਆ ਲੋਕ ਸਭਾ ਚੋਣਾਂ ਤੋਂ ਲਗਾਤਾਰ ਘੱਟ ਰਹੀ ਵੋਟ ਫੀਸਦੀ ਉਮੀਦਵਾਰਾਂ ਦੀ ਹਾਰ-ਜਿੱਤ ’ਤੇ ਅਸਰ ਪਾ ਸਕਦੀ ਹੈ।