ਅੰਮ੍ਰਿਤਸਰ (ਪੰਜਾਬੀ ਖਬਰਨਾਮਾ) 21 ਮਈ : ਰਾਮਬਾਗ ਥਾਣੇ ਤੋਂ ਮਹਿਜ਼ ਪੰਜ ਸੌ ਮੀਟਰ ਦੀ ਦੂਰੀ ’ਤੇ ਸਥਿਤ ਘਾਹ ਮੰਡੀ ਨੇੜੇ ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ’ਤੇ ਸ਼ਰਾਬ ਤਸਕਰਾਂ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਜਿੱਥੇ ਨਾਜਾਇਜ਼ ਸ਼ਰਾਬ ਫੜਣ ਆਈ ਟੀਮ ਦੀ ਗੱਡੀ ਦੀ ਭੰਨ-ਤੋੜ ਕੀਤੀ, ਉਥੇ ਹੀ ਸਰਕਾਰੀ ਮੁਲਾਜ਼ਮਾਂ ਨੇ ਸ਼ਰਾਬ ਤਸਕਰਾਂ ਦਾ ਵਿਰੋਧ ਕਰਦਿਆਂ ਤੇਜ਼ਧਾਰ ਹਥਿਆਰਾਂ, ਇੱਟਾਂ-ਪੱਥਰਾਂ ਦੀ ਵੀ ਵਰਤੋਂ ਕੀਤੀ। ਕਿਸੇ ਤਰ੍ਹਾਂ ਐਕਸਾਈਜ਼ ਵਿਭਾਗ ਦੀ ਟੀਮ ਨੂੰ ਆਪਣੀ ਜਾਨ ਬਚਾਉਣ ਲਈ ਉਥੋਂ ਭੱਜਣਾ ਪਿਆ। ਇਸ ਘਟਨਾ ਵਿਚ ਸੀਆਈਏ ਸਟਾਫ਼ ਦੇ ਦੋ ਪੁਲਿਸ ਮੁਲਾਜ਼ਮ ਸੁਦੇਸ਼ ਕੁਮਾਰ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਆਬਕਾਰੀ ਵਿਭਾਗ ਦੇ ਇੰਸਪੈਕਟਰ ਰਵਿੰਦਰ ਸਿੰਘ ਬਾਜਵਾ ਨੇ ਥਾਣਾ ਰਾਮਬਾਗ ਦੀ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਘਾਹ ਮੰਡੀ ਨੇੜੇ ਕੁਝ ਵਿਅਕਤੀ ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰ ਰਹੇ ਹਨ। ਇਸ ਅਧਾਰ ’ਤੇ ਚਾਰ ਮੈਂਬਰਾਂ ਦੀ ਟੀਮ ਨੇ ਤਿੰਨ ਪੁਲਿਸ ਮੁਲਾਜ਼ਮਾਂ ਦੇ ਨਾਲ ਘਾਹ ਮੰਡੀ ਨੇੜੇ ਨਾਕਾਬੰਦੀ ਕੀਤੀ। ਸ਼ੱਕੀ ਹਾਲਾਤਾਂ ਵਿਚ ਵਰਨਾ ਕਾਰ ਨੰਬਰ (ਪੀਬੀ-02-ਸੀਬੀ-2226) ਨੂੰ ਆਉਂਦੀ ਦੇਖ ਕੇ ਰੁਕਣ ਦਾ ਇਸ਼ਾਰਾ ਕੀਤਾ। ਤਲਾਸ਼ੀ ਲੈਣੀ ਚਾਹੀ ਤਾਂ ਮੁਲਜ਼ਮਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਟੀਮ ਮੈਂਬਰਾਂ ਨੇ ਆਪਣੀ ਪਛਾਣ ਕਰਵਾਈ ਤਾਂ ਸ਼ਰਾਬ ਤਸਕਰਾਂ ਨੇ ਫੋਨ ਕਰਕੇ ਆਪਣੇ 18-20 ਸਾਥੀਆਂ ਨੂੰ ਉਥੇ ਇਕੱਠਾ ਕਰ ਲਿਆ। ਦੇਖਦੇ ਹੀ ਦੇਖਦੇ ਹਾਲਾਤ ਟੀਮ ਦੇ ਵਿਰੁੱਧ ਜਾਣ ਲੱਗੇ। ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਤਸਕਰ ਟੀਮ ਨਾਲ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਕਰਨ ਲੱਗੇ। ਚਾਰ-ਪੰਜ ਮੁਲਜ਼ਮਾਂ ਨੇ ਉਸ ਦੀ ਸਰਕਾਰੀ ਗੱਡੀ ’ਤੇ ਤੇਜ਼ਧਾਰ ਦਾਤਰਾਂ ਤੇ ਕਿਰਪਾਨਾਂ ਨਾਲ ਹਮਲਾ ਕਰਕੇ ਉਸ ਦੇ ਸ਼ੀਸ਼ੇ ਤੋੜ ਦਿੱਤੇ। ਜਦੋਂ ਉਹ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦੇਣ ਲਈ ਫੋਨ ਕਰਨ ਲੱਗੇ ਤਾਂ ਮੁਲਜ਼ਮਾਂ ਨੇ ਮੌਕੇ ’ਤੇ ਮੌਜੂਦ ਆਬਕਾਰੀ ਵਿਭਾਗ ਦੀ ਪੂਰੀ ਟੀਮ ਨੂੰ ਘੇਰ ਲਿਆ।