20 ਮਈ( ਪੰਜਾਬੀ ਖਬਰਨਾਮਾ): ਇੱਕ ਪਾਸੇ ਪੂਰੇ ਦੇਸ਼ ਵਿੱਚ ਗਰਮੀ ਨੇ ਤਾਪਮਾਨ ਸਿਖ਼ਰਾਂ ਉੱਤੇ ਪਹੁੰਚਾਇਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਪੀਐੱਮ ਮੋਦੀ ਦੇ ਆਗਮਨ ਨੇ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਤੈਅ ਸ਼ਡਿਊਲ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪਟਿਆਲਾ, ਗੁਰਦਾਸਪੁਰ ਅਤੇ ਜਲੰਧਰ ਵਿੱਚ ਚੋਣ ਰੈਲੀਆਂ ਕਰਨਗੇ।
ਵਿਰੋਧ ਲਈ ਕਿਸਾਨ ਤਿਆਰ: ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਪੀਐੱਮ ਮੋਦੀ ਦੇ ਸਮਾਗਮਾਂ ਦਾ ਵਿਰੋਧ ਕਰਨ ਦੀ ਤਿਆਰੀ ਕਰ ਲਈ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਪਟਿਆਲਾ ਜ਼ਿਲ੍ਹੇ ਦੀ ਮੀਟਿੰਗ ਸੱਦੀ ਗਈ ਹੈ। ਇਸ ਬੈਠਕ ‘ਚ ਮੁੱਖ ਤੌਰ ‘ਤੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ 21 ਨੂੰ ਜਗਰਾਉਂ ਵਿਖੇ ਹੋਣ ਵਾਲੀ ਮਹਾਰੈਲੀ ਸਬੰਧੀ ਵੀ ਕਿਸਾਨਾਂ ਦੀ ਰਾਏ ਲਈ ਜਾਵੇਗੀ। ਪੀਐਮ ਦੀ ਪਹਿਲੀ ਰੈਲੀ ਪਟਿਆਲਾ ਵਿੱਚ ਹੋਣ ਵਾਲੀ ਹੈ ਅਤੇ ਕਿਸਾਨ ਇਸ ਦਾ ਡਟਵਾਂ ਵਿਰੋਧ ਕਰਨ ਲਈ ਤਿਆਰ ਹਨ।
ਕਿਸਾਨਾਂ ਦੀਆਂ ਮੰਗਾਂ: ਦੱਸ ਦਈਏ ਕਿਸਾਨ ਪੀਐੱਮ ਮੋਦੀ ਅਤੇ ਭਾਜਪਾ ਸਰਕਾਰ ਦੇ ਲਗਾਤਾਰ ਵਿਰੋਧ ਵਿੱਚ ਹਨ ਅਤੇ ਕਿਸਾਨ ਅੰਦੋਲਨ ਤੋਂ ਬਾਅਦ ਲਗਾਤਾਰ ਭਾਜਪਾ ਦਾ ਅਕਸ ਕਿਸਾਨਾਂ ਦੀਆਂ ਨਜ਼ਰਾਂ ਵਿੱਚ ਖਰਾਬ ਰਿਹਾ ਹੈ। ਹੁਣ ਕਿਸਾਨਾਂ ਵੱਲੋਂ ਪਹਿਲਾਂ ਕੀਤੇ ਐਲਾਨ ਮੁਤਾਬਿਕ ਭਾਜਪਾ ਦੇ ਲੋਕ ਸਭਾ ਉਮੀਦਵਾਰ ਦਾ ਲਗਾਤਾਰ ਵਿਰੋਧ ਜਾਰੀ ਹੈ ਅਤੇ ਇਸ ਦੇ ਤਹਿਤ ਹੀ ਹੁਣ ਪੀਐੱਮ ਮੋਦੀ ਦੀਆਂ ਰੈਲੀਆਂ ਦੇ ਵਿਰੋਧ ਲਈ ਕਿਸਾਨ ਤਿਆਰੀਆਂ ਕਰ ਰਹੇ ਹਨ। ਰੈਲੀ ਤੋਂ ਪਹਿਲਾਂ ਕਿਸਾਨਾਂ ਵੱਲੋਂ ਹੰਗਾਮੀ ਮੀਟਿੰਗ ਵੀ ਰਣਨੀਤੀ ਤਿਆਰ ਕਰਨ ਲਈ ਬੁਲਾਈ ਗਈ ਹੈ।