20 ਮਈ( ਪੰਜਾਬੀ ਖਬਰਨਾਮਾ): ਪੰਜਾਬ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ ਅਤੇ 1 ਜੂਨ ਨੂੰ ਪੰਜਾਬ ਵਿੱਚ ਸੱਤਵੇਂ ਗੇੜ ਦੇ ਤਹਿਤ ਵੋਟਿੰਗ ਹੋਣੀ ਹੈ। 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਇਸ ਤੋਂ ਪਹਿਲਾਂ, ਨਾਮਜ਼ਦਗੀਆਂ ਦਾ ਸਿਲਸਿਲਾ ਖ਼ਤਮ ਹੋ ਚੁੱਕਾ ਹੈ ਅਤੇ ਪੰਜਾਬ ਵਿੱਚ ਚਾਰ ਮੁੱਖ ਪਾਰਟੀਆਂ ਦੇ 52 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ। ਪੰਜਾਬ ਦੀ ਆਖਰੀ ਵੋਟਰ ਸੂਚੀ ਦੇ ਮੁਤਾਬਿਕ 2 ਕਰੋੜ, 14 ਲੱਖ, 61 ਹਜ਼ਾਰ, 739 ਕੁੱਲ ਵੋਟਰ ਹਨ, ਜੋ ਕਿ 1 ਜੂਨ ਨੂੰ ਆਪਣੇ ਮਤਦਾਨ ਕਰਨਗੇ। ਇਨ੍ਹਾਂ ਵਿੱਚੋਂ 1 ਕਰੋੜ, 12 ਲੱਖ, 86 ਹਜ਼ਾਰ, 726 ਮਰਦ ਵੋਟਰ ਹਨ, ਜਦਕਿ ਇਕ ਕਰੋੜ 1 ਲੱਖ, 74 ਹਜ਼ਾਰ, 240 ਮਹਿਲਾ ਵੋਟਰ ਅਤੇ 5 ਲੱਖ, 38 ਹਜ਼ਾਰ ਵੋਟਰ ਇਨ੍ਹਾਂ ਵਿੱਚੋਂ ਅਜਿਹੇ ਹਨ, ਜੋ ਪਹਿਲੀ ਵਾਰ ਆਪਣੇ ਚੋਣ ਹੱਕ ਦਾ ਇਸਤੇਮਾਲ ਕਰਨਗੇ। ਪੰਜਾਬ ਦੀਆਂ ਲੋਕ ਸਭਾ ਚੋਣਾਂ ਲਈ ਕੁੱਲ 13 ਸੀਟਾਂ ਹਨ ਅਤੇ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਦੇ ਵਿੱਚੋਂ 16,517 ਪਿੰਡਾਂ ਦੇ ਵਿੱਚ ਅਤੇ 7934 ਸ਼ਹਿਰਾਂ ਵਿੱਚ ਬਣਾਏ ਗਏ ਹਨ।
ਲੋਕ ਸਭਾ ਸੀਟ ਲੁਧਿਆਣਾ: ਲੋਕ ਸਭਾ ਸੀਟ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਇੱਥੇ ਕੁੱਲ 17 ਲੱਖ, 58 ਹਜ਼ਾਰ, 614 ਵੋਟਰ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਰਣਜੀਤ ਸਿੰਘ ਢਿੱਲੋ, ਭਾਜਪਾ ਤੋਂ ਰਵਨੀਤ ਬਿੱਟੂ, ਕਾਂਗਰਸ ਤੋਂ ਅਮਰਿੰਦਰ ਰਾਜਾ ਵੜਿੰਗ ਅਤੇ ਆਮ ਆਦਮੀ ਪਾਰਟੀ ਤੋਂ ਅਸ਼ੋਕ ਪਰਾਸ਼ਰ ਚੋਣ ਮੈਦਾਨ ਵਿੱਚ ਹੈ।
ਲੁਧਿਆਣਾ ਦੀ ਸੀਟ ਵੈਸੇ ਕਾਂਗਰਸ ਅਤੇ ਅਕਾਲੀ ਦਲ ਦੀ ਰਿਵਾਇਤੀ ਸੀਟ ਰਹੀ ਹੈ, ਪਰ, ਇਸ ਵਾਰ ਸਮੀਕਰਨ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬਦਲ ਚੁੱਕੇ ਹਨ। ਦੂਜੇ ਪਾਸੇ, ਕਾਂਗਰਸ ਨੇ ਇਸ ਵਾਰ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਅਤੇ ਦੂਜੇ ਪਾਸੇ ਆਪ ਉਮੀਦਵਾਰ ਅਸ਼ੋਕ ਪੱਪੀ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਰਹੇ ਹਨ। ਰਵਨੀਤ ਬਿੱਟੂ ਲਗਾਤਾਰ ਇਹ ਬਿਆਨ ਦੇ ਰਹੇ ਹਨ ਕਿ ਕੇਂਦਰ ਵਿੱਚ ਭਾਜਪਾ ਹੀ ਸੱਤਾ ‘ਤੇ ਕਾਬਜ਼ ਹੋਵੇਗੀ। ਇਸ ਕਰਕੇ ਹੀ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਸੀ, ਤਾਂ ਕਿ ਲੁਧਿਆਣੇ ਦਾ ਵਿਕਾਸ ਕਰ ਸਕੀਏ। ਪਰ, ਲੁਧਿਆਣਾ ਵਿੱਚ ਸਿਰਫ਼ ਮੁੱਖ ਚਾਰ ਪਾਰਟੀਆਂ ਹੀ ਨਹੀਂ ਸਿਮਰਜੀਤ ਬੈਂਸ ਵੀ ਸਿਆਸਤ ਵਿੱਚ ਆਪਣਾ ਅਹਿਮ ਰੋਲ ਰੱਖਦੇ ਹਨ, ਜੋ ਕਿ ਇਸ ਫਿਲਹਾਲ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਹਨ।
ਪਿਛਲੀ ਵਾਰ ਸਿਮਰਜੀਤ ਬੈਂਸ ਦੂਜੇ ਨੰਬਰ ਉੱਤੇ ਰਹੇ ਸਨ ਜਿਸ ਤੋਂ ਕਾਂਗਰਸ ਨੂੰ ਹੋਰ ਲੁਧਿਆਣਾ ਵਿੱਚ ਮਜਬੂਤੀ ਵੇਖਣ ਨੂੰ ਮਿਲ ਰਹੀ ਹੈ। ਪਰ, ਰਵਨੀਤ ਬਿੱਟੂ ਵੀ ਵੱਡਾ ਵੋਟ ਬੈਂਕ ਰੱਖਦੇ ਹਨ, ਸੋ ਇਸ ਕਰਕੇ ਉਹ ਭਾਜਪਾ ਦੇ ਵੋਟ ਬੈਂਕ ਦੇ ਨਾਲ ਕਾਂਗਰਸ ਦੇ ਵੋਟ ਬੈਂਕ ਨੂੰ ਵੀ ਸੰਨ੍ਹ ਲਾ ਸਕਦੇ ਹਨ। ਅਜਿਹੇ ਵਿੱਚ ਮੁਕਾਬਲਾ ਫ਼ਸਵਾਂ ਹੈ, ਕਿਉਂਕਿ ਅਸ਼ੋਕ ਪਰਾਸ਼ਰ ਮੌਜੂਦਾ ਵਿਧਾਇਕ ਹਨ ਅਤੇ ਲਗਾਤਾਰ ਲੁਧਿਆਣਾ ਦੀ ਸੀਟ ਸਾਰੀਆਂ ਹੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ।
ਲੋਕ ਸਭਾ ਸੀਟ ਜਲੰਧਰ : ਜਲੰਧਰ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ, 54 ਹਜ਼ਾਰ ਦੇ ਕਰੀਬ ਹੈ। ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ, ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂੰ, ਭਾਜਪਾ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਜਲੰਧਰ ਜ਼ਿਮਨੀ ਲੋਕ ਸਭਾ ਚੋਣ ਵਿੱਚ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਤੋਂ ਜੇਤੂ ਰਹੇ ਸਨ, ਪਰ ਬਾਅਦ ਵਿੱਚ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ। ਜਲੰਧਰ ਵਿੱਚ ਤਿੰਨ ਪਾਰਟੀਆਂ ਦੇ ਉਮੀਦਵਾਰ ਨਵੇਂ ਹਨ, ਜੋ ਕਿ ਦਲ ਬਦਲੀਆਂ ਕਰਕੇ ਇੱਕ ਦੂਜੇ ਵਿੱਚ ਸ਼ਾਮਿਲ ਹੋਏ ਹਨ। ਦੂਜੇ ਪਾਸੇ, ਚਰਨਜੀਤ ਚੰਨੀ ਜੋ ਕਿ ਕਾਂਗਰਸ ਦੇ ਪਿਛਲੀ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਵੀ ਰਹੇ ਹਨ। ਉਨ੍ਹਾਂ ਦੀ ਚਰਚਾ ਜਲੰਧਰ ਵਿੱਚ ਛਿੜੀ ਹੋਈ ਹੈ ਅਤੇ ਉਹ ਆਪਣੇ ਬਿਆਨਬਾਜ਼ੀਆਂ ਕਰਕੇ ਜਲੰਧਰ ਦੇ ਲੋਕਾਂ ਨੂੰ ਵੀ ਕਾਫੀ ਪਸੰਦ ਆ ਰਹੇ ਹਨ। ਬਾਕੀ ਤਿੰਨੇ ਹੀ ਪਾਰਟੀਆਂ ਦੇ ਉਮੀਦਵਾਰ ਵੱਖੋ ਵੱਖਰੀਆਂ ਪਾਰਟੀਆਂ ਛੱਡ ਕੇ ਇੱਕ ਦੂਜੇ ਦੇ ਵਿੱਚ ਸ਼ਾਮਿਲ ਹੋਏ ਹਨ ਜਿਸ ਕਰਕੇ ਲੋਕਾਂ ਵਿੱਚ ਉਨ੍ਹਾਂ ਦੇ ਪ੍ਰਤੀ ਕਾਫੀ ਰੋਸ ਵੀ ਹੈ।
ਲੋਕ ਸਭਾ ਸੀਟ ਅੰਮ੍ਰਿਤਸਰ: ਅੰਮ੍ਰਿਤਸਰ ਲੋਕ ਸਭਾ ਸੀਟ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਇੱਥੇ ਕੁੱਲ 16 ਲੱਖ, 11 ਹਜ਼ਾਰ, 263 ਵੋਟਰ ਹਨ, ਅਤੇ ਉਮੀਦਵਾਰਾਂ ਵਿੱਚ ਕਾਂਗਰਸ ਵੱਲੋਂ ਗੁਰਜੀਤ ਔਜਲਾ, ਆਮ ਆਦਮੀ ਪਾਰਟੀ ਦੇ ਕੁਲਦੀਪ ਧਾਲੀਵਾਲ, ਭਾਜਪਾ ਦੇ ਤਰਨਜੀਤ ਸੰਧੂ ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਚੋਣ ਮੈਦਾਨ ਦੇ ਵਿੱਚ ਹਨ।