ਕਰਨਪੁਰ ਵਿਧਾਨ ਸਭਾ ਦੀ ਉਪ ਚੋਣ ਕਾਂਗਰਸ ਨੇ 12570 ਵੋਟਾਂ ਨਾਲ ਜਿੱਤੀ
ਕਾਂਗਰਸ ਦੇ ਰੁਪਿੰਦਰ ਸਿੰਘ ਕੂੰਨਰ ਨੇ ਭਾਜਪਾ ਮੰਤਰੀ ਸੁਰਿੰਦਰ ਸਿੰਘ ਨੂੰ ਹਰਾਇਆ
ਚੰਡੀਗੜ੍ਹ, 8 ਜਨਵਰੀ (ਪੰਜਾਬੀ ਖਬਰਨਾਮਾ) ਰਾਜਸਥਾਨ ਦੀ ਕਰਨਪੁਰ ਵਿਧਾਨ ਸਭਾ ਉਪ ਚੋਣ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਕਾਂਗਰਸ ਦੇ ਰੁਪਿੰਦਰ ਸਿੰਘ ਕੂੰਨਰ ਨੇ ਪਿਛਲੇ ਦਿਨੀ ਮੰਤਰੀ ਬਣਾਏ ਸੁਰਿੰਦਰ ਸਿੰਘ ਟੀਟੀ ਨੂੰ ਹਰਾਇਆ ਹੈ। ਕਾਂਗਰਸ ਨੇ ਇਸ ਸੀਟ ‘ਤੇ 12570 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਿੱਤ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਰੁਪਿੰਦਰ ਸਿੰਘ ਕੂੰਨਰ ਨੂੰ ਵਧਾਈ ਦਿੱਤੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚੋਣ ਜਿੱਤਣ ਲਈ ਇਸ ਜ਼ਿਮਨੀ ਚੋਣ ਤੋਂ ਠੀਕ 10 ਦਿਨ ਪਹਿਲਾਂ 30 ਦਸੰਬਰ ਨੂੰ ਭਾਜਪਾ ਨੇ ਟੀਟੀ ਨੂੰ ਭਜਨ ਲਾਲ ਕੈਬਨਿਟ ਵਿੱਚ ਰਾਜ ਮੰਤਰੀ ਬਣਾ ਦਿੱਤਾ ਸੀ। ਇਸ ਲਈ ਇਸ ਚੋਣ ਵਿਚ ਭਾਜਪਾ ਦਾ ਬਹੁਤ ਕੁਝ ਦਾਅ ‘ਤੇ ਲੱਗਾ ਹੋਇਆ ਸੀ।
ਦੱਸ ਦੇਈਏ ਕਿ ਪਿਛਲੇ ਮਹੀਨੇ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਤੇ ਤੱਤਕਾਲੀ ਵਿਧਾਇਕ ਗੁਰਮੀਤ ਸਿੰਘ ਕੂੰਨਰ ਦੀ ਮੌਤ ਹੋ ਜਾਣ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਸੀ। ਇਸ ਤੋਂ ਬਾਅਦ ਉਪ ਚੋਣ ਦਾ ਐਲਾਨ ਕੀਤਾ ਗਿਆ।
ਨਤੀਜੇ ਘੋਸ਼ਿਤ ਹੁੰਦੇ ਹੀ ਰਾਜਸਥਾਨ ਦੇ ਸਾਬਕਾ ਸੀਐਮ ਅਸ਼ੋਕ ਗਹਿਲੋਤ ਨੇ ਕਾਂਗਰਸ ਉਮੀਦਵਾਰ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਸ਼੍ਰੀਕਰਨਪੁਰ ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਕੂੰਨਰ ਨੂੰ ਉਨ੍ਹਾਂ ਦੀ ਜਿੱਤ ਲਈ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ। ਇਹ ਜਿੱਤ ਖੁਦ ਸ. ਗੁਰਮੀਤ ਸਿੰਘ ਕੂੰਨਰ ਦੇ ਲੋਕ ਸੇਵਾ ਕਾਰਜਾਂ ਨੂੰ ਸਮਰਪਿਤ ਹੈ। ਸ੍ਰੀਕਰਨਪੁਰ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਹੰਕਾਰ ਨੂੰ ਹਰਾ ਦਿੱਤਾ ਹੈ। ਚੋਣਾਂ ਦੌਰਾਨ ਆਪਣੇ ਉਮੀਦਵਾਰ ਨੂੰ ਮੰਤਰੀ ਬਣਾ ਕੇ ਚੋਣ ਜ਼ਾਬਤੇ ਅਤੇ ਨੈਤਿਕਤਾ ਦੀਆਂ ਧੱਜੀਆਂ ਉਡਾਉਣ ਵਾਲੀ ਭਾਜਪਾ ਨੂੰ ਜਨਤਾ ਨੇ ਸਬਕ ਸਿਖਾ ਦਿੱਤਾ ਹੈ।