17 ਮਈ( ਪੰਜਾਬੀ ਖਰਬਨਾਮਾ):ਮੁੰਬਈ ਦੇ ਘਾਟਕੋਪਰ ‘ਚ ਹੋਰਡਿੰਗ ਕਾਂਡ ਦੇ ਮੁੱਖ ਦੋਸ਼ੀ ਭਾਵੇਸ਼ ਭਿੜੇ ਨੂੰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਦੇ ਉਦੈਪੁਰ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਹੋਰਡਿੰਗ ਕਾਂਡ ਤੋਂ ਬਾਅਦ ਤੋਂ ਹੀ ਭਾਵੇਸ਼ ਭਿੜੇ ਫਰਾਰ ਸੀ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਸੀ। ਫਿਲਹਾਲ ਕ੍ਰਾਈਮ ਬ੍ਰਾਂਚ ਦੀ ਟੀਮ ਭਾਵੇਸ਼ ਨੂੰ ਮੁੰਬਈ ਲਿਆ ਰਹੀ ਹੈ। ਉਸ ਨੂੰ 17 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੀਐਮਸੀ ਨੇ ਭਾਵੇਸ਼ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਘਾਟਕੋਪਰ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ। NDRF ਦਾ ਬਚਾਅ ਕਾਰਜ ਰੁਕ ਗਿਆ ਹੈ। ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੈਟਰੋਲ ਪੰਪ ਦੇ ਕੋਲ ਲਗਾਇਆ ਹੋਰਡਿੰਗ ਗੈਰਕਾਨੂੰਨੀ ਸੀ। ਬੀਐਮਸੀ ਨੇ ਸਿਰਫ਼ 40 ਗੁਣਾ 40 ਫੁੱਟ ਦੇ ਹੋਰਡਿੰਗ ਲਗਾਉਣ ਦੀ ਇਜਾਜ਼ਤ ਦਿੱਤੀ ਸੀ, ਪਰ ਹੋਰਡਿੰਗ ਦਾ ਆਕਾਰ 120 ਗੁਣਾ 120 ਫੁੱਟ ਸੀ। ਇਹ ਹੋਰਡਿੰਗ ਭਾਵੇਸ਼ ਭਿੜੇ ਦੀ ਵਿਗਿਆਪਨ ਕੰਪਨੀ ਈਜੀਓ ਮੀਡੀਆ ਨੇ ਲਗਾਇਆ ਸੀ।
ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ ਭਾਵੇਸ਼ ਭਿੜੇ
ਭਾਵੇਸ਼ ਭਿੜੇ ਨੇ 2009 ਵਿੱਚ ਮੁਲੁੰਡ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਵੀ ਲੜੀ ਸੀ। ਭਾਵੇਸ਼ ਨੇ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫਨਾਮੇ ‘ਚ ਕਿਹਾ ਸੀ ਕਿ ਉਨ੍ਹਾਂ ਖਿਲਾਫ 23 ਮਾਮਲੇ ਦਰਜ ਹਨ, ਜਿਨ੍ਹਾਂ ‘ਚ ਮੁੰਬਈ ਨਗਰ ਨਿਗਮ ਐਕਟ ਦੀ ਉਲੰਘਣਾ, ਚੈੱਕ ਬਾਊਂਸ ਅਤੇ ਹੋਰ ਮਾਮਲੇ ਸ਼ਾਮਲ ਹਨ। ਜਾਣਕਾਰੀ ਮੁਤਾਬਕ ਭਾਵੇਸ਼ ਰੇਪ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਹੈ। ਉਸ ਨੂੰ ਨਾਜਾਇਜ਼ ਹੋਰਡਿੰਗਜ਼ ਲਈ 21 ਵਾਰ ਜੁਰਮਾਨਾ ਲਾਇਆ ਗਿਆ ਹੈ।
ਈਸਟਰਨ ਐਕਸਪ੍ਰੈਸ ਹਾਈਵੇਅ’ ‘ਤੇ ਲਗਾਇਆ ਗਿਆ ਹੋਰਡਿੰਗ
ਬੀਐਮਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਹੋਰਡਿੰਗ ਮੁੰਬਈ ਨੂੰ ਠਾਣੇ ਨਾਲ ਜੋੜਨ ਵਾਲੇ ‘ਈਸਟਰਨ ਐਕਸਪ੍ਰੈਸ ਹਾਈਵੇਅ’ ‘ਤੇ ਲਗਾਇਆ ਗਿਆ ਸੀ। ਇਸ ਦੇ ਨੇੜੇ ਹੋਰ ਹੋਰਡਿੰਗ ਵੀ ਲਗਾਏ ਗਏ ਸਨ। ਇਹ ਸਾਰੇ ਹੋਰਡਿੰਗ ਇੱਕ ਦੂਜੇ ਤੋਂ 100 ਤੋਂ 150 ਮੀਟਰ ਦੀ ਦੂਰੀ ‘ਤੇ ਲਗਾਏ ਗਏ ਸਨ। ਬੀਐਮਸੀ ਬਾਕੀ ਸਾਰੇ ਹੋਰਡਿੰਗਜ਼ ਨੂੰ ਹਟਾਉਣ ਲਈ ਵੀ ਕੰਮ ਕਰ ਰਹੀ ਹੈ।
ਭਾਵੇਸ਼ ਨੇ ਹੋਰਡਿੰਗ ਅਤੇ ਬੈਨਰ ਲਗਾਉਣ ਦਾ ਲਿਆ ਠੇਕਾ
ਭਾਵੇਸ਼ ਭਿੜੇ ਈਜੀਓ ਮੀਡੀਆ ਕੰਪਨੀ ਦੇ ਮਾਲਕ ਹਨ। ਭਾਵੇਸ਼ ‘ਤੇ ਬਲਾਤਕਾਰ ਦਾ ਮਾਮਲਾ ਵੀ ਦਰਜ ਹੈ। ਜਾਣਕਾਰੀ ਮੁਤਾਬਕ, ਭਾਵੇਸ਼ ਭਿੰਦੇ ਨੂੰ ਭਾਰਤੀ ਰੇਲਵੇ ਅਤੇ ਬੀਐੱਮਸੀ ਤੋਂ ਕਈ ਸਾਲਾਂ ਤੋਂ ਹੋਰਡਿੰਗ ਅਤੇ ਬੈਨਰ ਲਗਾਉਣ ਦੇ ਕਈ ਠੇਕੇ ਮਿਲੇ ਸਨ। ਭਿੜੇ ਨੇ ਕਈ ਵਾਰ ਦੋਵਾਂ ਸੰਸਥਾਵਾਂ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਨੂੰ ਅਤੇ ਉਸ ਦੀ ਕੰਪਨੀ ਦੇ ਹੋਰ ਲੋਕਾਂ ਨੂੰ ਦਰੱਖਤ ਕੱਟਣ ਦੇ ਕਈ ਮਾਮਲਿਆਂ ਵਿੱਚ ਦੋਸ਼ੀ ਵੀ ਬਣਾਇਆ ਗਿਆ ਸੀ, ਪਰ ਫਿਰ ਵੀ ਨਿਯਮਾਂ ਦੀ ਅਣਦੇਖੀ ਕਰਦਿਆਂ ਵੱਡੇ-ਵੱਡੇ ਹੋਰਡਿੰਗ ਲਾਏ ਗਏ ਸਨ।