ਸ੍ਰੀ ਅਨੰਦਪੁਰ ਸਾਹਿਬ 16 ਮਈ (ਪੰਜਾਬੀ ਖਬਰਨਾਮਾ) : ਡਾ.ਮਨੂੰ ਵਿਜ਼ ਸਿਵਲ ਸਰਜਨ ਰੂਪਨਗਰ ਅਤੇ ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਕੀਰਤਪੁਰ ਸਾਹਿਬ ਦੇ ਏਰੀਏ ਵਿੱਚ ਰਾਸ਼ਟਰੀ ਡੇਂਗੂ ਦਿਵਸ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਅਤੇ ਜਨਤਕ ਥਾਵਾਂ ਤੇ ਡੇਂਗੂ ਬੁਖਾਰ ਬਾਰੇ ਜਾਗਰੂਕਤਾ ਅਭਿਆਨ ਚਲਾਇਆ ਗਿਆ।

     ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਦੱਸਿਆ ਕਿ ਮੌਸਮ ਬਦਲਣ ਦੇ ਨਾਲ਼-ਨਾਲ਼ ਡੇਂਗੂ ਦਾ ਖਤਰਾ ਮੰਡਰਾਉਣ ਲੱਗ ਪੈਂਦਾ ਹੈ। ਡੇਂਗੂ ਦੇ ਬੁਖਾਰ ਦਾ ਕਹਿਰ ਇਨ੍ਹੀ ਦਿਨੀਂ ਬੜੀ ਤੇਜ਼ੀ ਨਾਲ਼ ਫੈਲਦਾ ਹੈ। ਉਹਨਾਂ ਦੱਸਿਆ ਕਿ ਡੇਂਗੂ ਦਾ ਬੁਖਾਰ ਏਡੀਜ਼ ਮੱਛਰ ਦੇ ਕੱਟਣ ਨਾਲ਼ ਹੁੰਦਾ ਹੈ ਜਿਸ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਭਗ 3-4 ਦਿਨਾਂ ਬਾਅਦ ਡੇਂਗੂ ਬੁਖਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਹਨਾਂ ਦਾ ਸਮੇਂ-ਸਮੇਂ ਤੇ ਇਲਾਜ਼ ਹੋਣ ਨਾਲ਼ ਹਾਲਾਤ ਕਾਬੂ ਵਿੱਚ ਰਹਿ ਸਕਦੇ ਹਨ, ਨਹੀਂ ਤਾਂ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਦਾ ਬੁਖਾਰ ਹੋਣ ਤੇ ਤੇਜ਼ ਠੰਡ ਲੱਗਦੀ ਹੈ, ਇਸ ਦੇ ਨਾਲ਼ ਹੀ ਸਿਰ ਦਰਦ, ਕਮਰ ਦਰਦ, ਅੱਖਾਂ ਵਿੱਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਜੋੜਾਂ ਵਿੱਚ ਦਰਦ ਤੋਂ ਇਲਾਵਾ ਉਲਟੀਆਂ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

     ਉਹਨਾਂ ਦੱਸਿਆ ਕਿ ਡੇਂਗੂ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਹੱਥਾਂ ਪੈਰਾਂ ਵਿੱਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਅੱਖਾਂ ਵਿੱਚ ਦਰਦ, ਸਿਰਦਰਦ, ਕਮਜ਼ੋਰੀ ਆਦਿ ਲੱਛਣ ਆਮ ਹੁੰਦੇ ਹਨ। ਪਰ ਜੇ ਸਮੇਂ ਸਿਰ ਸਥਿਤੀ ਤੇ ਕਾਬੂ ਨਾ ਪਾਇਆ ਜਾਵੇ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਬਲਵੰਤ ਰਾਏ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮਲਟੀਪਰਪਜ਼ ਹੈਲਥ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ‘ਫਰਾਈ ਡੇਅ, ਇਜ਼ ਏ ਡ੍ਰਾਈ ਡੇਅ’ ਬਾਰੇ ਸਮਝਾਉਂਦੇ ਹਨ ਤਾਂ ਜੋ ਲੋਕ ਜਾਗਰੂਕ ਰਹਿਣ ਅਤੇ ਹਰ ਹਫਤੇ ਆਪਣੇ ਘਰਾਂ ਵਿੱਚ ਕੂਲਰਾਂ ਦੇ ਪਾਣੀ ਨੂੰ ਬਦਲਣ ਅਤੇ ਘਰਾਂ ਦੀਆਂ ਛੱਤਾਂ ਉੱਪਰ ਟੁੱਟੇ ਬਰਤਨ ਨਾ ਸੁੱਟਣ ਤਾਂ ਕਿ ਉਹਨਾਂ ਵਿੱਚ ਬਰਸਾਤੀ ਪਾਣੀ ਜਮ੍ਹਾਂ ਨਾ ਹੋਵੇ ਅਤੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।

    ਜਨ ਜਾਗਰੂਕਤਾ ਦੇ ਸਬੰਧ ਵਿੱਚ ਅੱਜ ਪਿੰਡ ਬਾਸੋਵਾਲ਼ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਵਿੱਚ ਹੈਲਥ ਇੰਸਪੈਕਟਰ ਬਲਵੰਤ ਰਾਏ ਨਾਲ਼ ਉਹਨਾਂ ਦੀ ਟੀਮ ਵਿੱਚ ਭੁਪਿੰਦਰ ਸਿੰਘ, ਨਰੇਸ਼ ਕੁਮਾਰ, ਸੁੱਚਾ ਸਿੰਘ, ਬਲਜੀਤ ਸਿੰਘ, ਅਮਿਤ ਸ਼ਰਮਾ ਨੇ ਸਕੂਲੀ ਬੱਚਿਆਂ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਪ੍ਰਬੰਧ ਕੀਤਾ ਅਤੇ ਬੱਚਿਆਂ ਨੂੰ ਡੇਂਗੂ ਬੁਖਾਰ ਦੇ ਲੱਛਣ, ਫੈਲਣ ਦੇ ਕਾਰਨ ਅਤੇ ਬਚਾਓ ਦੇ ਤਰੀਕੇ ਦੱਸੇ ਗਏ।

   ਇਸ ਮੌਕੇ ਪ੍ਰਿੰਸੀਪਲ ਮੋਹਨ ਲਾਲ, ਸੁਰਜੀਤ ਸਿੰਘ, ਅਮਰੀਕ ਸਿੰਘ, ਨੀਲਮ ਰਾਣੀ, ਵੰਦਨਾ ਮੈਨੀ, ਗੁਰਪ੍ਰੀਤ ਕੌਰ, ਪ੍ਰਦੀਪ ਕੁਮਾਰ, ਪੂਜਾ ਕੌਸ਼ਲ, ਜੌਤੀ, ਮੋਹਿੰਦਰ ਸਿੰਘ ਹਾਜ਼ਰ ਸਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।