ਤਰਨ ਤਾਰਨ, 15 ਮਈ (ਪੰਜਾਬੀ ਖਬਰਨਾਮਾ) : ਹਲਕਾ ਖਡੂਰ ਸਾਹਿਬ ਵਿਖੇ ਅਗਾਮੀ ਲੋਕ ਸਭਾ ਚੋਣਾਂ-2024 ਨੂੰ ਲੈ ਕੇ ਸਰਗਰਮੀਆਂ ਦਿਨੋਂ ਦਿਨ ਤੇਜ਼ ਹੋ ਰਹੀਆਂ ਹਨ ਅਤੇ ਜ਼ਿਲਾ੍ਹ ਚੋਣ ਦਫਤਰ, ਤਰਨ ਤਾਰਨ ਵੱਲੋਂ ਸਿਆਸੀ ਗਤੀਵਿਧੀਆਂ ਅਤੇ ਖਰਚੇ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਸਬੰਧੀ ਹਲਕਾ ਖਡੂਰ ਸਾਹਿਬ ਦੇ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ, ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 03-ਖਡੂਰ ਸਾਹਿਬ ਵਿਖੇ ਤਿੰਨ ਚੋਣ ਅਬਜ਼ਰਵਰਾਂ ਨੂੰ ਨਿਯੁਕਤ ਕੀਤਾ ਗਿਆ ਹੈ, ਉਹ ਪਹੁੰਚ ਗਏ ਹਨ। ਜਿੰਨਾਂ ਵੱਲੋਂ ਚੋਣ ਉਮੀਦਵਾਰਾਂ ਦੀ ਸਿਆਸੀ ਗਤੀਵਿਧੀਆਂ ਤੋਂ ਇਲਾਵਾ ਕੀਤੇ ਜਾਣ ਵਾਲੇ ਖਰਚੇ ‘ਤੇ ਨਜ਼ਰ ਰੱਖੀ ਜਾਣ ਦੇ ਨਾਲ ਨਾਲ ਹਲਕੇ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਵੀ ਵਾਚਿਆ ਜਾਵੇਗਾ।
ਰਿਟਰਨਿੰਗ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਸ਼੍ਰੀ ਅਭਿਮਨਿਊ ਕੁਮਾਰ, ਆਈ.ਏ.ਐਸ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਹਲਕਾ ਖਡੂਰ ਸਾਹਿਬ ਵਿਖੇ, ਜਨਰਲ ਅਬਜ਼ਰਵਰ, ਸ਼੍ਰੀ ਅਨੁਰਾਗ ਤ੍ਰਿਪਾਠੀ, ਆਈ. ਆਰ. ਐਸ ਨੂੰ ਬਤੌਰ ਖਰਚਾ ਨਿਗਰਾਨ ਅਤੇ ਸ਼੍ਰੀਮਤੀ ਸ਼ਵੇਤਾ ਸ਼੍ਰੀਮਾਲੀ, ਆਈ.ਪੀ.ਐਸ ਨੂੰ ਪੁਲਿਸ ਆਬਜ਼ਰਵਰ ਤਾਇਨਾਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਤਿੰਨੋ ਅਬਜ਼ਰਵਰ ਹਲਕਾ ਖਡੂਰ ਸਾਹਿਬ ਵਿਖੇ ਮੌਜੂਦ ਰਹਿਣਗੇ।
ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਵਿਖੇ ਲਗਾਏ ਗਏ ਚੋਣ ਆਬਜ਼ਰਵਰਾਂ ਵੱਲੋਂ ਪਾਵਰਗ੍ਰਿਡ ਰੈਸਟ ਹਾਊਸ, ਪਿੰਡ ਬਾਲਾ ਚੱਕ ਵਿਖੇ ਆਪਣਾ ਦਫਤਰ ਤਿਆਰ ਕੀਤਾ ਗਿਆ ਹੈ ਅਤੇ ਜੇਕਰ ਕੋਈ ਵੀ ਵਿਅਕਤੀ ਲੋਕ ਸਭਾ ਚੋਣਾਂ ਸਬੰਧੀ ਕਿਸੇ ਤਰਾਂ੍ਹ ਚੋਣ ਖਰਚੇ, ਕਾਨੂੰਨ ਵਿਵਸਥਾ ਜਾਂ ਫਿਰ ਕਿਸੇ ਤਰਾਂ੍ਹ ਦੀ ਵੀ ਵਧੀਕੀ ਸਬੰਧੀ ਸ਼ਿਕਾਇਤ ਜਾਂ ਫਿਰ ਪੁਛ ਗਿੱਛ ਨੂੰ ਚੋਣ ਆਬਜ਼ਰਵਰਾਂ ਅੱਗੇ ਰੱਖਣਾ ਚਾਹੁੰਦਾ ਹੈ ਤਾਂ ਉਹ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਆਪਣੀ ਗੱਲ ਦਰਜ਼ ਕਰ ਸਕਦਾ ਹੈ।ਉਨਾ ਕਿਹਾ ਕਿ ਕੋਈ ਵਿਅਕਤੀ ਆਪਣੀ ਚੋਣਾਂ ਸਬੰਧੀ ਸ਼ਿਕਾਇਤ ਜਾਂ ਫਿਰ ਸੁਝਾਅ ਦੇਣ ਚਾਹੁੰਦਾ ਹੈ ਤਾਂ ਉਹ ਜਨਰਲ ਚੋਣ ਅਬਜ਼ਰਵਰ ਸ਼੍ਰੀ ਅਭਿਮਨਿਊ ਕੁਮਾਰ ਨਾਲ ਮੋਬਾਇਲ ਨੰਬਰ 85449-53132 ‘ਤੇ ਸੰਪਰਕ ਕਰ ਸਕਦਾ ਹੈ।
ਇਸ ਤੋਂ ਇਲਾਵਾ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਨਾਂ ਆਬਜ਼ਰਵਰਾਂ ਦੇ ਨਾਲ ਜ਼ਿਲਾ੍ਹ ਚੋਣ ਦਫਤਰ ਵੱਲੋਂ ਤਿੰਨ ਲਾਇਜ਼ਨ ਅਫਸਰ ਨੂੰ ਤਾਇਨਾਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸ਼੍ਰੀ ਰੱਜਤ ਗੋਪਾਲ, ਐਕਸ.ਈ.ਐਨ, ਜਲ ਸਪਲਾਈ ਅਤੇ ਸੈਨੀਟੇਸ਼ਨ ਨੂੰ ਜਨਰਲ ਆਬਜ਼ਰਵਰ ਨਾਲ ਲਾਇਜ਼ਨ ਅਫਸਰ ਲਗਾਇਆ ਗਿਆ, ਸ਼੍ਰੀ ਹਰਦੀਪ ਸਿੰਘ, ਐਕਸ. ਈ. ਐਨ ਨੂੰ ਖਰਚਾ ਨਿਗਰਾਨ ਅਤੇ ਸ਼੍ਰੀਮਤੀ ਅੰਜਲੀ ਸਿੰਘ ਨੂੰ ਪੁਲਿਸ ਆਬਜ਼ਰਵਰ ਦੇ ਨਾਲ ਬਤੌਰ ਲਾਇਜ਼ਨ ਅਫਸਰ ਲਗਾਇਆ ਗਿਆ ਹੈ।
ਰਿਟਰਨਿੰਗ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਵਿਖੇ ਆਦਰਸ਼ ਚੋਣ ਜ਼ਾਬਤਾ ਪੂਰੀ ਤਰਾਂ੍ਹ ਲਾਗੂ ਹੈ ਅਤੇ ਇਸ ਦੀ ਉਲੰਘਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਹਲਕੇ ਦੇ ਸਮੂਹ ਵੋਟਰਾਂ ਨੂੰ 01 ਜੂਨ ਵਾਲੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਤਾਂ ਜੋ ਜ਼ਿਲਾ੍ਹ ਚੋਣ ਦਫਤਰ ਵੱਲੋਂ ਮਿਥੇ ਗਏ 75 ਫੀਸਦੀ ਪਾਰ ਵੋਟਿੰਗ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾਵੇ।
