ਫਰੀਦਕੋਟ 14 ਮਈ 2024 (ਪੰਜਾਬੀ ਖਬਰਨਾਮਾ) : ਜ਼ਿਲਾ ਫਰੀਦਕੋਟ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਵਧਦੇ ਵਾਕਿਆ ਦੇ ਮੱਦੇਨਜ਼ਰ ਮੁੱਖ ਖੇਤੀਬਾੜ੍ਹੀ ਅਫ਼ਸਰ ਡਾ.ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤੀ ਅਧਿਕਾਰੀਆਂ ਦੀ ਟੀਮ ਵੱਲੋਂ ਬਲਾਕ ਫਰੀਦਕੋਟ ਦੇ ਵੱਖ ਵੱਖ ਪਿੰਡਾਂ ਜਿਵੇਂ ਅਰਾਈਆਵਾਲਾ ਕਲਾਂ, ਘੁਗਿਆਣਾ, ਝੋਟੀ ਵਾਲਾ ਅਤੇ ਬੁਰਜਮਸਤਾ ਵਿਚ ਖੇਤਾਂ ਵਿਚ ਪਹੁੰਚ ਕੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਨਾਉਣ ਉਪਰੰਤ ਬਹੁਤ ਘੱਟ ਮਾਤਰਾ ਵਿੱਚ ਨਾੜ ਖੇਤਾਂ ਵਿੱਚ ਬਚ ਜਾਂਦਾ ਹੈ ,ਜਿਸ ਨੂੰ ਕੁਝ ਕਿਸਾਨ ਅੱਗ ਲਗਾ ਕੇ ਸਾੜ ਦਿੰਦੇ ਹਨ ਜਿਸ ਨਾਲ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਘੂ ਤੱਤ,ਸੂਖਮ ਜੀਵ ਨਸ਼ਟ ਹੋਣ ਦੇ ਨਾਲ ਨਾਲ ਮਿੱਟੀ ਦੇ ਭੌਤਿਕੀ ਅਤੇ ਜੈਵਿਕ ਗੁਣ ਪ੍ਰਭਾਵਤ ਹੁੰਦੇ ਹਨ । ਉਨ੍ਹਾਂ ਕਿਹਾ ਕਿ ਕਣਕ ਦੇ ਨਾੜ੍ਹ ਦੇ ਸੜ੍ਹਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਕਾਰਨ ਜ਼ਹਿਰੀਲੀਆਂ ਗੈਸਾਂ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਲਈ ਖਤਰਨਾਕ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਨਾੜ੍ਹ ਨੂੰ ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜ ਕੇ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਦੇ ਮਿੱਤਰ ਪੰਛੀ ਆਪਣੇ ਪਰਿਵਾਰਕ ਵਾਧੇ ਲਈ ਆਂਡੇ ਖੇਤਾਂ ਅਤੇ ਖੇਤਾਂ ਦੀਆਂ ਵੱਟਾਂ ਉੱਪਰ ਦਿੰਦੇ ਹਨ ਅਤੇ ਇਨ੍ਹਾਂ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੱਚੇ ਜਨਮ ਤੋਂ ਪਹਿਲਾਂ ਹੀ ਅੱਗ ਨਾਲ ਸੜ ਕੇ ਖਤਮ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਨਾੜ ਨੂੰ ਅੱਗ ਲਗਾਉਣ ਨਾਲ ਮਨੁੱਖੀ ਜੀਵਨ ਵੀ ਖਤਰੇ ਵਿਚ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਹੀ ਵਾਹ ਕੇ ਜਾਂ ਹਰੀ ਖਾਦ ਕਰਕੇ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਰੀਪਰ ਨਾਲ ਤੂੜੀ ਬਨਾਉਣ ਉਪਰੰਤ 20 ਕਿਲੋ ਜੰਤਰ ਦੇ ਬੀਜ ਦਾ ਛੱਟਾ ਦੇ ਕੇ ਬੀਜ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਹਰੀ ਖਾਦ ਕਰਨ ਨਾਲ ਝੋਨੇ ਦੀ ਫਸਲ ਨੂੰ ਪਾਈ ਜਾਣ ਵਾਲੀ 35% ਰਸਾਇਣਕ ਖਾਦ ਯੂਰੀਆ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਵੀ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਜ਼ਿਲਾ ਫ਼ਰੀਦਕੋਟ ਦਾ ਵਾਤਾਵਰਨ ਸ਼ੁੱਧ ਰੱਖਣ ਦੇ ਨਾਲ ਨਾਲ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਜਾਨ ਨੂੰ ਬਚਾਇਆ ਜਾ ਸਕਦਾ।
ਇਸ ਮੌਕੇ ਡਾ. ਪਰਮਿੰਦਰ ਸਿੰਘ, ਡਾ.ਲਖਵੀਰ ਸਿੰਘ , ਡਾ. ਰਮਨਦੀਪ ਸਿੰਘ, ਡਾ ਰਾਜਵੀਰ ਸਿੰਘ (ਸਾਰੇ ਖੇਤੀਬਾੜੀ ਵਿਕਾਸ ਅਫਸਰ) ਹਰਜਿੰਦਰ ਸਿੰਘ ਅਤੇ ਨਰਿੰਦਰ ਕੁਮਾਰ (ਖੇਤੀਬਾੜੀ ਉਪ ਨਿਰੀਖਕ) ਹਾਜ਼ਰ ਸਨ।