Patiala News(ਪੰਜਾਬੀ ਖ਼ਬਰਨਾਮਾ): ਰਿਆਸਤੀ ਸ਼ਹਿਰ ਪਟਿਆਲਾ ‘ਚ ਕਿਸਾਨਾਂ ਅਤੇ ਪੰਜਾਬ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਦੀ ਖਬਰ ਹੈ। ਪੁਲਿਸ ਨੇ ਇਸ ਦੌਰਾਨ ਕਈ ਕਿਸਾਨ ਆਗੂਆਂ ਅਤੇ ਕਿਸਾਨ ਬੀਬੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਨਤੀਜੇ ਵੱਜੋਂ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਨੂੰ ਤਿੱਖਾ ਕਰਦੇ ਹੋਏ ਨੈਸ਼ਨਲ ਹਾਈਵੇਅ ਜਾਮ ਕਰਦੇ ਹੋਏ ਇੱਥ ਟੋਲ ਪਲਾਜ਼ਾ ਵੀ ਬੰਦ ਕਰ ਦਿੱਤੇ ਹਨ, ਜਿਸ ਕਾਰਨ ਪਟਿਆਲਾ ਪੰਜਾਬ ਨਾਲੋਂ ਕੱਟਿਆ ਨਜ਼ਰ ਆ ਰਿਹਾ ਹੈ।
ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਬੁੱਧਵਾਰ ਪਟਿਆਲਾ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਉਨ੍ਹਾਂ ਦੀ ਰਿਹਾਇਸ਼ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਸੀ, ਪਰ ਪੁਲਿਸ ਨੇ ਕਿਸਾਨਾਂ ਨੂੰ ਪਹਿਲਾਂ ਹੀ ਰੋਕਣ ਲਈ ਤਿਆਰੀਆਂ ਕੀਤੀਆਂ ਹੋਈਆਂ ਸਨ। ਦੱਸ ਦਈਏ ਕਿ ਕਿਸਾਨਾਂ ਨੇ ਇਹ ਵਿਰੋਧ ਪ੍ਰਦਰਸ਼ਨ ਦਾ ਸੱਦਾ ਪਿਛਲੇ ਦਿਨੀ ਪਰਨੀਤ ਕੌਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਕਿਸਾਨ ਦੀ ਧੱਕਾ-ਮੁੱਕੀ ਦੌਰਾਨ ਮੌਤ ਹੋ ਜਾਣ ਦੇ ਵਿਰੋਧ ‘ਚ ਦਿੱਤਾ ਹੋਇਆ ਸੀ। ਪਰ ਪੁਲਿਸ ਵੱਲੋਂ ਪਹਿਲਾਂ ਹੀ ਕਿਸਾਨਾਂ ਨੂੰ ਰੋਕਣ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ।
ਇਸ ਦੌਰਾਨ ਜਿਵੇਂ ਹੀ ਵੱਡੀ ਗਿਣਤੀ ਕਿਸਾਨ ਅਤੇ ਕਿਸਾਨ ਬੀਬੀਆਂ ਭਾਜਪਾ ਉਮੀਦਵਾਰ ਦੀ ਰਿਹਾਇਸ਼ ਵੱਲ ਵਧੇ ਤਾਂ ਪੁਲਿਸ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਕਈ ਕਿਸਾਨ ਤੇ ਕਿਸਾਨ ਬੀਬੀਆਂ ਨੂੰ ਹਿਰਾਸਤ ‘ਚ ਲੈ ਲਿਆ। ਨਤੀਜੇ ਵੱਜੋਂ ਕਿਸਾਨਾਂ ਨੇ ਪਟਿਆਲਾ ਰਾਜਪੁਰਾ ਅਤੇ ਪਟਿਆਲਾ ਸਰਹਿੰਦ ਹਾਈਵੇ ਬੰਦ ਕਰ ਦਿੱਤੇ ਹਨ ਅਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਵੀ ਬੰਦ ਕਰ ਦਿੱਤਾ ਹੈ।