ਚੰਡੀਗੜ੍ਹ, 20 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਖਾੜੀ ਦੇਸ਼ਾਂ ਵਿਚ ਜੰਗ ਦੇ ਕਾਰਨ ਓਮਾਨ ਵਿਚ ਫਸੀਆਂ 88 ਭਾਰਤੀ ਔਰਤਾਂ ਦੀ ਸੁਰੱਖਿਅਤ ਵਾਪਸੀ ਵੱਡੀ ਚਣੌਤੀ ਬਣੀ ਹੋਈ ਹੈ। ਇਹ ਔਰਤਾਂ ਜੰਗ ਤੋਂ ਪਹਿਲਾਂ ਹੀ ਓਮਾਨ ਦੇ ਸ਼ੈਲਟਰ ਹਾਊਸ ਵਿਚ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੀਆਂ ਹਨ। ਇਨ੍ਹਾਂ ਔਰਤਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ।
ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਓਮਾਨ ਦੇ ਸ਼ੈਲਟਰ ਹਾਊਸਾਂ ਵਿਚ ਫਸੀਆਂ 88 ਅਤੇ ਦੁਬਈ ਵਿਚ ਫਸੀ ਭਾਰਤੀ ਔਰਤ ਦੀ ਤੁਰੰਤ ਸੁਰੱਖਿਅਤ ਵਾਪਸ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਬਿਹਤਰ ਭਵਿੱਖ ਤੇ ਰੋਜ਼ਗਾਰ ਦੀ ਉਮੀਦ ਨਾਲ ਖਾੜੀ ਦੇਸ਼ਾਂ ਵਿਚ ਗਈਆਂ ਸਨ, ਪਰ ਠੱਗ ਟ੍ਰੈਵਲ ਏਜੰਟਾਂ ਵੱਲੋਂ ਧੋਖਾਧੜੀ ਕਰ ਕੇ ਉਨ੍ਹਾਂ ਕੋਲੋਂ ਉਹੋ ਜਿਹੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ, ਜਿਹੜੇ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਸਨ। ਔਰਤਾਂ ਨੇ ਦੋਸ਼ ਲਾਏ ਹਨ ਕਿ ਵਾਪਸੀ ਦੀ ਕੋਸ਼ਿਸ਼ ਕਰਨ ’ਤੇ ਉਨ੍ਹਾਂ ਉੱਤੇ ਝੂਠੇ ਕੇਸਾਂ ਵਿੱਚ ਫਸਾ ਕੇ ਰੋਕਿਆ ਜਾਂਦਾ ਹੈ ਤੇ ਬਦਲੇ ਵਿਚ ਛੱਡਣ ਲਈ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਹੈ।
ਕਾਬਿਲੇ ਜ਼ਿਕਰ ਕਿ ਇਰਾਨ ’ਤੇ 28 ਫਰਵਰੀ ਤੋਂ ਅਮਰੀਕਾ ਤੇ ਇਜ਼ਰਾਈਲ ਦੇ ਹਾਕਮਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਕਾਰਨ ਇਨ੍ਹਾਂ ਔਰਤਾਂ ਦੇ ਪਰਿਵਾਰਕ ਮੈਂਬਰ ਚਿੰਤਾ ਵਿਚ ਹਨ। ਖਾੜੀ ਮੁਲਕਾਂ ’ਤੇ ਹੋ ਰਹੇ ਹਮਲਿਆਂ ਦੌਰਾਨ ਹੀ ਓਮਾਨ ਵਿਚ ਹੋਏ ਮਿਜ਼ਾਈਲ ਹਮਲੇ ਵਿੱਚ ਦੋ ਭਾਰਤੀਆਂ ਦੀ ਹੋਈ ਮੌਤ ਨਾਲ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼ੈਲਟਰ ਹਾਊਸ ਵਿਚ ਡਰ ਤੇ ਸਹਿਮ ਦਾ ਮਾਹੌਲ ਡੂੰਘਾ ਹੋਣ ਨਾਲ ਇੱਥੇ ਫਸੀਆਂ ਭਾਰਤੀ ਔਰਤਾਂ ਦੇ ਚਿਹਰਿਆਂ ’ਤੇ ਚਿੰਤਾਵਾਂ ਦੀਆਂ ਲਕੀਰਾਂ ਦਾ ਹੋਰ ਗੂੜ੍ਹਾ ਹੋਣਾ ਸੁਭਾਵਕ ਹੈ।
ਜ਼ਿਕਰਯੋਗ ਹੈ ਕਿ ਸ਼ੈਸ਼ਨ ਦੌਰਾਨ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸੰਤ ਸੀਚੇਵਾਲ ਦੇ ਸਵਾਲ ਦੇ ਜਵਾਬ ਵਿਚ ਦੱਸਿਆ ਸੀ ਕਿ ਇਸ ਵੇਲੇ ਓਮਾਨ ਵਿਚ ‘ਵਨ ਸਟਾਪ ਸੈਂਟਰ’ (ਸ਼ੈਲਟਰ ਹਾਊਸ) ਵਿਚ 88 ਭਾਰਤੀ ਔਰਤਾਂ ਰਹਿ ਰਹੀਆਂ ਹਨ, ਜਦਕਿ ਦੁਬਈ ਵਿਚ ਇਕ ਔਰਤ ਰਹਿ ਰਹੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਲੰਘੇ ਛੇ ਸਾਲਾਂ ਦੌਰਾਨ ਲਗਭਗ 10,526 ਭਾਰਤੀ ਔਰਤਾਂ ਨੂੰ ਖਾੜੀ ਦੇਸ਼ਾਂ ਤੋਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਇਹ ਔਰਤਾਂ ਓਮਾਨ, ਕੂਵੈਤ, ਕਤਰ, ਸਾਊਦੀ ਅਰਬ ਅਤੇ ਦੁਬਈ ਵਿੱਚੋਂ ਵਾਪਸ ਲਿਆਂਦੀਆਂ ਹਨ। ਸਭ ਤੋਂ ਵੱਧ ਮਾਮਲੇ ਓਮਾਨ ਤੇ ਕੂਵੈਤ ਨਾਲ ਸਬੰਧਤਤ ਹਨ। ਸਾਲ 2021 ਤੋਂ 2025 ਤੱਕ ਓਮਾਨ ਤੋਂ 3,647 ਅਤੇ ਕੂਵੈਤ ਤੋਂ 5,592 ਔਰਤਾਂ ਦੀ ਸੁਰੱਖਿਅਤ ਵਾਪਸੀ ਸੰਭਵ ਹੋ ਸਕੀ ਹੈ।
ਆਪਣਿਆਂ ਦਾ ਆਖ਼ਰੀ ਵਾਰ ਵੀ ਮੂੰਹ ਦੇਖਣ ਦਾ ਮੌਕਾ ਨਾ ਮਿਲਿਆ
ਸੰਤ ਸੀਚੇਵਾਲ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਕਿਰਨ, ਜੋ ਆਪਣੇ ਬੱਲਡ ਕੈਂਸਰ ਤੋਂ ਪੀੜਤ ਬੱਚੇ ਦੇ ਇਲਾਜ ਲਈ ਮਜਬੂਰੀਵੱਸ ਓਮਾਨ ਸੀ, ਇਸੇ ਦੌਰਾਨ ਕਿਰਨ ਦੇ ਬੱਚੇ ਦੀ ਜਨਵਰੀ 2026 ਵਿਚ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੇ 10 ਦਿਨ ਤੱਕ ਬੱਚੇ ਦਾ ਸਸਕਾਰ ਇਸ ਉਮੀਦ ਨਾਲ ਨਹੀਂ ਕੀਤਾ ਸੀ ਕਿ ਕਿਰਨ ਜ਼ਰੂਰ ਵਾਪਸ ਆ ਜਾਵੇਗੀ ਅਤੇ ਆਪਣੇ ਬੱਚੇ ਦਾ ਆਖ਼ਰੀ ਵਾਰ ਮੂੰਹ ਦੇਖ ਲਵੇਗੀ ਪਰ ਟ੍ਰੈਵਲ ਏਜੰਟਾਂ ਵੱਲੋਂ ਕਿਰਨ ਦੀ ਵਾਪਸੀ ਲਈ ਲੱਖਾਂ ਰੁਪਏ ਮੰਗੇ ਜਾ ਰਹੇ ਹਨ। ਔਰਤ ਦਾ ਪਰਿਵਾਰ ਏਨੀ ਮੋਟੀ ਰਕਮ ਦੇਣ ਤੋਂ ਅਸਮਰੱਥ ਹੈ। ਇਸੇ ਤਰ੍ਹਾਂ ਓਮਾਨ ਗਈ ਤਰਨਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ ਪੂਜਾ ਦੇ ਪਤੀ ਦਾ ਦੇਹਾਂਤ ਗਿਆ ਸੀ, ਉਹ ਵੀ ਵੇਲੇ ਸਿਰ ਵਾਪਸ ਨਹੀਂ ਆ ਸਕੀ। ਦੋਵਾਂ ਮਾਮਲਿਆਂ ਵਿਚ ਪਰਿਵਾਰਾਂ ਨੂੰ ਅੰਤਿਮ ਸਸਕਾਰ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ।
ਸੰਖੇਪ:
