19 ਸਤੰਬਰ 2024 : ਤੁਸੀਂ ਜਦੋਂ ਵੀ ਆਪਣੀ ਜ਼ਮੀਨ ਜਾਂ ਜਾਇਦਾਦ ਵੇਚਦੇ ਹੋ, ਤੁਹਾਨੂੰ ਇਸ ‘ਤੇ ਟੈਕਸ ਦੇਣਾ ਪੈਂਦਾ ਹੈ। ਪ੍ਰਾਪਰਟੀ ਵੇਚਣ ਵਾਲਿਆਂ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ ਕਿ ਇਹ ਟੈਕਸ ਕਿੰਨਾ ਬਣੇਗਾ ਅਤੇ ਕਿੰਨਾ ਭਰਨਾ ਪਵੇਗਾ, ਜੇਕਰ ਇਸ ਟੈਕਸ ਨੂੰ ਬਚਾਉਣਾ ਹੋਵੇ ਕਿਵੇਂ ਬਚਾਇਆ ਜਾਵੇ । ਜੇਕਰ ਤੁਸੀਂ ਵੀ ਹਾਲ ਹੀ ਵਿੱਚ ਕੋਈ ਜਾਇਦਾਦ ਜਾਂ ਜ਼ਮੀਨ ਵੇਚੀ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਕੰਮ ਦੀ ਹੈ। ਬਿਹਤਰ ਹੋਵੇਗਾ ਕਿ ਇਸ ਦੇ ਲਿੰਕ ਨੂੰ ਬੁੱਕਮਾਰਕ ਕਰਕੇ ਰੱਖ ਲਓ ਜਾਂ ਵਟਸਐਪ ‘ਤੇ ਇਸਨੂੰ ਸਾਂਝਾ ਕਰ ਲਓ।
ਜਦੋਂ ਤੁਸੀਂ ਆਪਣੀ ਕੋਈ ਵੀ ਪੂੰਜੀ ਸੰਪਤੀ (ਜਿਵੇਂ ਕਿ ਜ਼ਮੀਨ ਜਾਂ ਜਾਇਦਾਦ) ਵੇਚਦੇ ਹੋ ਅਤੇ ਇਸ ਤੋਂ ਜੋ ਵੀ ਮੁਨਾਫ਼ਾ ਕਮਾਉਂਦੇ ਹੋ ਉਸਨੂੰ ਕੈਪੀਟਲ ਗੇਨ ਕਿਹਾ ਜਾਂਦਾ ਹੈ। ਸਰਕਾਰ ਇਸ ਮੁਨਾਫੇ ‘ਤੇ ਟੈਕਸ ਲਗਾਉਂਦੀ ਹੈ। ਸਰਕਾਰ ਨੇ ਜ਼ਮੀਨ ਦੀ ਵਿਕਰੀ ਤੋਂ ਹੋਣ ਵਾਲੇ ਪੂੰਜੀ ਲਾਭ ‘ਤੇ ਟੈਕਸ ਨੂੰ ਲੈ ਕੇ ਕੁਝ ਨਿਯਮ ਬਣਾਏ ਹਨ। ਤੁਹਾਨੂੰ ਇਨ੍ਹਾਂ ਨਿਯਮਾਂ ਦੇ ਹਿਸਾਬ ਨਾਲ ਟੈਕਸ ਅਦਾ ਕਰਨਾ ਹੋਵੇਗਾ।
ਪੂੰਜੀ ਲਾਭ ਦੀਆਂ ਦੋ ਕਿਸਮਾਂ ਦਾ ਹੁੰਦਾ ਹੈ-ਪਹਿਲਾ ਹੈ ਲੰਮੀ ਮਿਆਦ ਦਾ ਪੂੰਜੀ ਲਾਭ (LTCG), ਅਤੇ ਦੂਜਾ ਸ਼ਾਰਟ ਟਰਮ ਪੂੰਜੀ ਲਾਭ (STCG)। ਜੇਕਰ ਤੁਸੀਂ ਪ੍ਰਾਪਰਟੀ ਨੂੰ ਖਰੀਦਣ ਤੋਂ ਬਾਅਦ 24 ਮਹੀਨਿਆਂ ਤੱਕ ਰੱਖਿਆ ਹੈ ਤਾਂ ਤੁਹਾਨੂੰ LTCG ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਜੇਕਰ 24 ਮਹੀਨਿਆਂ ਦੇ ਅੰਦਰ ਹੀ ਵੇਚ ਦਿੱਤਾ ਹੈ ਤਾਂ ਫਿਰ STCG ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਟੈਕਸ ਸਿਰਫ਼ ਮੁਨਾਫ਼ੇ ‘ਤੇ ਹੀ ਲਗਾਇਆ ਜਾਵੇਗਾ।
ਕੀ ਕਹਿੰਦੇ ਹਨ ਸਰਕਾਰੀ ਨਿਯਮ ?
ਸਰਕਾਰ ਨੇ 2024-25 ਦੇ ਬਜਟ ਤੋਂ ਪਹਿਲਾਂ ਅਚੱਲ ਸੰਪਤੀ ਦੀ ਵਿਕਰੀ ‘ਤੇ ਮਿਲਣ ਵਾਲੇ ਇੰਡੈਕਸ ਲਾਭ (ਮੁਦ੍ਰਾਸਫ਼ੀਤੀ ਦੇ ਪ੍ਰਭਾਵ ਨੂੰ ਅਨੁਕੂਲ ਕਰਨ) ਨੂੰ ਖਤਮ ਕਰ ਦਿੱਤਾ ਸੀ। ਹਾਲਾਂਕਿ, ਇਸ ਫੈਸਲੇ ਨੂੰ ਵਿੱਤ ਬਿੱਲ 2024 ਵਿੱਚ ਸੋਧ ਦੇ ਨਾਲ ਬਦਲ ਦਿੱਤਾ ਗਿਆ ਸੀ। ਇਸ ਸੋਧ ਵਿੱਚ ਕਿਹਾ ਗਿਆ ਹੈ ਕਿ 23 ਜੁਲਾਈ, 2024 ਤੋਂ ਪਹਿਲਾਂ ਖਰੀਦੀਆਂ ਗਈਆਂ ਜਾਇਦਾਦਾਂ ਲਈ ਇੰਡੈਕਸ ਲਾਭ ਮਿਲੇਗਾ।
ਅਜਿਹੀ ਸਥਿਤੀ ਵਿੱਚ, ਹੁਣ ਤੁਹਾਡੇ ਅਤੇ ਹਿੰਦੂ ਅਣਵੰਡੇ ਪਰਿਵਾਰਾਂ (HUF) ਕੋਲ ਦੋ ਵਿਕਲਪ ਹਨ-ਤੁਸੀਂ 12.5 ਪ੍ਰਤੀਸ਼ਤ ਦੀ ਟੈਕਸ ਦਰ ‘ਤੇ ਬਿਨਾਂ ਇੰਡੈਕਸ ਦੇ ਪੂੰਜੀ ਲਾਭ ਟੈਕਸ ਭਰ ਸਕਦੇ ਹੋ ਜਾਂ 20 ਪ੍ਰਤੀਸ਼ਤ ਦੀ ਟੈਕਸ ਦਰ ਨਾਲ ਇੰਡੈਕਸ਼ਨ ਦਾ ਲਾਭ ਲੈ ਸਕਦੇ ਹੋ।
ਕਿਵੇਂ ਕਰੀਏ LTCG ਦੀ ਗਣਨਾ?
ਮੰਨ ਲਓ, ਤੁਸੀਂ 2024-25 ਵਿੱਚ ਇੱਕ ਜਾਇਦਾਦ 10,00,000 ਰੁਪਏ ਵਿੱਚ ਵੇਚਦੇ ਹੋ, ਜਿਸ ਨੂੰ ਤੁਸੀਂ ਜੂਨ 2001 ਵਿੱਚ 2,00,000 ਰੁਪਏ ਵਿੱਚ ਖਰੀਦਿਆ ਸੀ। ਹੁਣ ਤੁਸੀਂ ਦੋ ਤਰੀਕਿਆਂ ਨਾਲ LTCG ਦੀ ਗਣਨਾ ਕਰ ਸਕਦੇ ਹੋ
ਇੰਡੈਕਸ਼ਨ ਦੇ ਨਾਲ ਕੈਲਕੂਲੇਸ਼ਨ
ਖਰੀਦ ਲਾਗਤ: ਮਹਿੰਗਾਈ ਦੇ ਅਨੁਸਾਰ ਸਮਾਯੋਜਿਤ ਕੀਤੀ ਗਈ ਕੀਮਤ 7,26,000 ਰੁਪਏ ਹੋਵੇਗੀ, ਜੋ 2,00,000 ਰੁਪਏ ਨੂੰ 363/100 ਨਾਲ ਗੁਣਾ ਕਰਕੇ ਕੱਢੀ ਜਾਂਦੀ ਹੈ।
ਲਾਭ: 10,00,000 ਰੁਪਏ (ਵੇਚਣ ਦੀ ਕੀਮਤ) – 7,26,000 ਰੁਪਏ (ਖਰੀਦਣਾ) = 2,74,000 ਰੁਪਏ।
ਟੈਕਸ: 20% ਦੀ ਦਰ ਨਾਲ ਟੈਕਸ 54,800 ਰੁਪਏ ਹੋਵੇਗਾ।
ਇੰਡੈਕਸ਼ਨ ਤੋਂ ਬਿਨਾਂ ਕੈਲਕੂਲੇਸ਼ਨ
ਖਰੀਦ ਲਾਗਤ: 2,00,000 ਰੁਪਏ।
ਲਾਭ: 10,00,000 ਰੁਪਏ (ਵੇਚਣ ਦੀ ਕੀਮਤ) – 2,00,000 ਰੁਪਏ (ਖਰੀਦ ਦੀ ਲਾਗਤ) = 8,00,000 ਰੁਪਏ।
ਟੈਕਸ: 12.5% ਦੀ ਦਰ ਨਾਲ ਟੈਕਸ 1 ਲੱਖ ਰੁਪਏ ਹੋਵੇਗਾ।
ਇੰਡੈਕਸੇਸ਼ਨ ਦੇ ਨਾਲ ਟੈਕਸ ਦੀ ਰਕਮ ਘੱਟ ਹੋਵੇਗੀ, ਪਰ ਤੁਹਾਨੂੰ 20% ਦੀ ਦਰ ਨਾਲ ਟੈਕਸ ਅਦਾ ਕਰਨਾ ਹੋਵੇਗਾ। ਉਥੇ ਹੀ, ਇੰਡੈਕਸੇਸ਼ਨ ਤੋਂ ਬਿਨਾਂ ਟੈਕਸ ਵੱਧ ਹੋਵੇਗਾ ਪਰ ਦਰ 12.5% ਹੋਵੇਗੀ। ਪਰ ਜੇਕਰ ਤੁਸੀਂ ਘੱਟ ਮੁਨਾਫਾ ਕਮਾਇਆ ਹੈ, ਤਾਂ ਉਸ ਸਥਿਤੀ ‘ਚ ਇੰਡੇਕਸ਼ਨ ਤੋਂ ਬਿਨਾਂ ਵੀ ਤੁਹਾਨੂੰ ਘੱਟ ਟੈਕਸ ਦੇਣਾ ਪਵੇਗਾ। ਉਦਾਹਰਨ ਲਈ, ਜੇਕਰ ਤੁਸੀਂ 2 ਲੱਖ ਰੁਪਏ ਵਿੱਚ ਖਰੀਦ ਕੇ ਇਸਨੂੰ 4 ਲੱਖ ਰੁਪਏ ਵਿੱਚ ਵੇਚਿਆ ਹੈ ਤਾਂ ਉਸ ਸਥਿਤੀ ਵਿੱਚ ਟੈਕਸ ਦੀ ਗਣਨਾ ਇਸ ਤਰ੍ਹਾਂ ਹੋਵੇਗੀ-
ਖਰੀਦ ਲਾਗਤ: 2,00,000 ਰੁਪਏ।
ਲਾਭ: 4,00,000 ਰੁਪਏ (ਵੇਚਣ ਦੀ ਕੀਮਤ) – 2,00,000 ਰੁਪਏ (ਖਰੀਦ ਦੀ ਲਾਗਤ) = 2,00,000 ਰੁਪਏ।
ਟੈਕਸ: 12.5% ਦੀ ਦਰ ਨਾਲ ਟੈਕਸ 25,000 ਰੁਪਏ ਹੋਵੇਗਾ।