ਅੰਮ੍ਰਿਤਸਰ, 08 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸ੍ਰੀ ਹਰਿਮੰਦਰ ਸਾਹਿਬ ਦੀ 125 ਸਾਲ ਪੁਰਾਣੀ ਇਤਿਹਾਸਕ ਘੜੀ ਮੁਰੰਮਤ ਮਗਰੋਂ ਆਖ਼ਰਕਾਰ ਮੁੜ ਦਰਬਾਰ ਸਾਹਿਬ ’ਚ ਉਸੇ ਸਥਾਨ ’ਤੇ ਸਥਾਪਿਤ ਕਰ ਦਿੱਤੀ ਗਈ ਹੈ ਜਿੱਥੇ ਇਹ ਪਹਿਲਾਂ ਸੀ। ਇਹ ਘੜੀ ਦਰਬਾਰ ਸਾਹਿਬ ਦੇ ਅੰਦਰ ਰਾਗੀ ਸਿੰਘਾਂ ਵਾਲੇ ਪਾਸੇ ਦੀਵਾਰ ’ਤੇ ਸਥਿਤ ਹੈ। ਸਾਲ 1900 ’ਚ ਅੰਗਰੇਜ਼ੀ ਹਕੂਮਤ ਦੌਰਾਨ ਵੇਲੇ ਦੇ ਵਾਇਸਰਾਏ ਤੇ ਭਾਰਤ ਦੇ ਗਵਰਨਰ ਜਨਰਲ ਲਾਰਡ ਕਰਜ਼ਨ ਜਦੋਂ ਸ੍ਰੀ ਹਰਿਮੰਦਰ ਸਾਹਿਬ ਆਏ ਸਨ ਤਾਂ ਉਨ੍ਹਾਂ ਨੇ ਪਲੀਕੇਟ ਐਂਡ ਕੰਪਨੀ ਤੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈ ਇਹ ਘੜੀ ਇੱਥੇ ਭੇਟ ਕੀਤੀ ਸੀ। ਸ਼ਾਨਦਾਰ ਕਾਰੀਗਰੀ ਤੇ ਤਕਨੀਕ ਦੀ ਮਿਸਾਲ ਇਹ ਘੜੀ ਇਕ ਵਾਰ ਚਾਬੀ ਦੇਣ ’ਤੇ ਇਕ ਹਫ਼ਤ ਤੱਕ ਚੱਲਦੀ ਰਹਿੰਦੀ ਹੈ। ਆਪਣੀ ਇਤਿਹਾਸਕ ਤੇ ਤਕਨੀਕੀ ਮਹੱਤਤਾ ਕਾਰਨ ਖਿੱਚ ਦਾ ਕੇਂਦਰ ਰਹੀ ਇਹ ਘੜੀ ਸਮੇਂ ਨਾਲ ਖ਼ਰਾਬ ਹੋਣ ਮਗਰੋਂ ਲੰਬੇ ਸਮੇਂ ਤੋਂ ਵਰਤੋਂ ’ਚ ਨਹੀਂ ਸੀ। ਬਾਬਾ ਮਹਿੰਦਰ ਸਿੰਘ ਦੀ ਅਗਵਾਈ ’ਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂਕੇ) ਨੇ ਇਸ ਦੀ ਮੁਰੰਮਤ ਦਾ ਬੀੜਾ ਚੁੱਕਿਆ। ਉਨ੍ਹਾਂ ਸਾਲ 2023 ’ਚ ਇਸ ਨੂੰ ਮੁਰੰਮਦ ਲਈ ਉਸੇ ਕੰਪਨੀ ਨੂੰ ਭੇਜਿਆ ਜਿਸ ਨੇ ਇਹ ਬਣਾਈ ਸੀ। ਰੋਮਨ ਅੰਕਾਂ ਵਾਲੀ ਇਸ ਘੜੀ ਦਾ ਪਿੱਤਲ ਦਾ ਡਾਇਲ ਅਤੇ ਪੁਰਜੇ ਮੁੜ ਤਿਆਰ ਕੀਤੇ ਗਏ। ਇਸ ਦੀ ਪੁਰਾਤਣ ਦਿੱਖ ਬਹਾਲ ਰੱਖੀ ਗਈ। ਇਸ ’ਚ ਦੋ ਸਾਲ ਦਾ ਸਮਾਂ ਤੇ 80,000 ਪੌਂਡ (96 ਲੱਖ ਰੁਪਏ) ਖ਼ਰਚ ਹੋਏ। ਐਸਜੀਪੀਸੀ ਮੈਨੇਜਮੈਂਟ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਦਾ ਇਸ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।