ਲੁਧਿਆਣਾ , 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):–  ਖੰਨਾ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਅਮਲੋਹ ਤੇ ਉੱਤਰਾਖੰਡ ਦੇ ਰਹਿਣ ਵਾਲੇ ਅੱਠ ਵਿਅਕਤੀਆਂ ਨੇ ਟਾਟਾ ਸਟੀਲ ਲਈ ਜ਼ਮੀਨ ਖ਼ਰੀਦਣ ਦੇ ਨਾਂ ’ਤੇ ਲੁਧਿਆਣਾ ਦੇ ਇਕ ਪ੍ਰਾਪਰਟੀ ਡੀਲਰ ਤੋਂ 1 ਕਰੋੜ 12 ਲੱਖ 30 ਹਜ਼ਾਰ ਰੁਪਏ ਦੀ ਰਕਮ ਠੱਗ ਲਈ। ਮਾਮਲਾ ਸਾਲ 2023 ਦਾ ਹੈ ਪਰ ਹੁਣ ਜਦੋਂ ਪ੍ਰਾਪਰਟੀ ਡੀਲਰ ਨੂੰ ਠੱਗੀ ਦਾ ਅਹਿਸਾਸ ਤਾਂ ਕੁਝ ਦਿਨ ਪਹਿਲਾਂ ਉਸ ਨੇ ਪੁਲਿਸ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ। ਕੁਝ ਹਫ਼ਤਿਆਂ ਦੀ ਪੜਤਾਲ ਮਗਰੋਂ ਥਾਣਾ ਦੁੱਗਰੀ ਦੀ ਪੁਲਿਸ ਨੇ ਅੱਠ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕੇਸ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਦੀਸ਼ ਲਾਲ ਮੁਤਾਬਕ ਸਾਲ 2023 ’ਚ ਉਨ੍ਹਾਂ ਨੂੰ ਇਕ ਵਾਕਫ਼ ਵਿਅਕਤੀ ਜ਼ਰੀਏ ਅਮਲੋਹ ਦਾ ਰਹਿਣ ਵਾਲਾ ਬਾਬਾ ਜਸਵੰਤ ਸਿੰਘ ਮਿਲਿਆ। ਜਸਵੰਤ ਸਿੰਘ ਨੇ ਉਸ ਨੂੰ ਕਿਹਾ ਕਿ ਉਨਾਂ ਦੀ ਟਾਟਾ ਸਟੀਲ ’ਚ ਉੱਪਰ ਤੱਕ ਗੱਲਬਾਤ ਹੈ। ਕੁਝ ਦਿਨਾਂ ਬਾਅਦ ਉਹ ਆਪਣੇ ਨਾਲ ਗੁਲਮੋਹਰ ਨਗਰ ਅਮਲੋਹ ਦੇ ਰਹਿਣ ਵਾਲੇ ਦਲੇਰ ਸਿੰਘ ਨੂੰ ਵੀ ਲੈ ਆਇਆ। ਇਸ ਵਾਰ ਉਸਨੇ ਕਿਹਾ ਕਿ ਟਾਟਾ ਸਟੀਲ ਨੇ ਲੁਧਿਆਣਾ ਤੋਂ ਲੈ ਕੇ ਰਾਜਪੁਰਾ ਇਲਾਕੇ ’ਚ ਕਿਸੇ ਵੱਡੀ ਜਗ੍ਹਾ ’ਤੇ ਆਪਣਾ ਬਹੁਤ ਵੱਡਾ ਯੂਨਿਟ ਲਗਾਉਣਾ ਹੈ। ਇਸ ਲਈ ਉਨ੍ਹਾਂ ਨੂੰ ਬਹੁਤ ਵੱਡੀ ਜਗ੍ਹਾ ਚਾਹੀਦੀ ਹੈ ਤੇ ਉਹ ਟਾਟਾ ਸਟੀਲ ਲਈ ਪ੍ਰਾਪਰਟੀ ਖ਼ਰੀਦਣ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਉਹ (ਜਗਦੀਸ਼ ਲਾਲ) ਉਨ੍ਹਾਂ ਨੂੰ ਕੋਈ ਜ਼ਮੀਨ ਦਿਵਾਉਂਦੇ ਹਨ ਤਾਂ ਉਸ ਦੀ ਕਮਿਸ਼ਨ ਕਰੋੜਾਂ ਰੁਪਏ ’ਚ ਹੋਵੇਗੀ। ਜਗਦੀਸ਼ ਮੁਤਾਬਕ ਉਸ ਨੇ ਜ਼ਮੀਨ ਦਿਵਾਉਣ ਦੀ ਹਾਮੀ ਭਰ ਦਿੱਤੀ।

ਮੁਲਜ਼ਮਾਂ ਨੇ ਉਸ ਨੂੰ ਟਾਟਾ ਸਟੀਲ ਕੰਪਨੀ ਦੇ ਫ਼ਰਜ਼ੀ ਦਸਤਾਵੇਜ਼ ਤੇ ਫ਼ਰਜ਼ੀ ਸੀਲ ਵੀ ਦਿਖਾਏ ਤੇ ਉਸਨੂੰ ਸਟੈਂਪ ਲਗਾ ਕੇ ਕੁਝ ਦਸਤਾਵੇਜ਼ ਵੀ ਦਿੱਤੇ। ਜਗਦੀਸ਼ ਲਾਲ ਨੇ ਮੋਟਾ ਮੁਨਾਫ਼ਾ ਦੇਖਦੇ ਹੋਏ ਮੁਲਜ਼ਮਾਂ ਨੂੰ ਕਈ ਜ਼ਮੀਨਾਂ ਦਿਖਾਈਆਂ। ਕਈ ’ਤੇ ਉਨ੍ਹਾਂ ਦੀ ਸਹਿਮਤੀ ਵੀ ਬਣੀ। ਇਸੇ ਦੌਰਾਨ ਮੁਲਜ਼ਮਾਂ ਨੇ ਡੀਲ ਲਈ ਦਸਤਾਵੇਜ਼ ਤਿਆਰ ਕਰਵਾਉਣ ਲਈ ਉਸ ਕੋਲੋਂ 8 ਲੱਖ ਰੁਪਏ ਲੈ ਲਏ। ਫਿਰ ਹੋਰ ਖ਼ਰਚੇ ਦਾ ਕਹਿ ਕੇ ਉਸ ਕੋਲੋਂ ਹੌਲੀ-ਹੌਲੀ ਕੁੱਲ 1 ਕਰੋੜ 12 ਲੱਖ 30 ਹਜ਼ਾਰ ਰੁਪਏ ਲੈ ਲਏ। ਜਗਦੀਸ਼ ਮੁਤਾਬਕ ਇਸ ਤੋਂ ਬਾਅਦ ਉਹ ਲਗਾਤਾਰ ਡੀਲ ਪੱਕੀ ਕਰਨ ਲਈ ਉਸ ਨੂੰ ਲਾਅਰੇ ਲਗਾਉਂਦੇ ਰਹੇ ਪਰ ਨਾ ਤਾਂ ਉਨ੍ਹਾਂ ਕੋਈ ਡੀਲ ਪੱਕੀ ਕੀਤੀ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਅਖ਼ੀਰ ਤਿੰਨ ਦਸੰਬਰ 2024 ਨੂੰ ਉਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ। ਕੁਝ ਹਫ਼ਤਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਿਸ ਨੇ ਸਤਿੰਦਰ ਸਿੰਘ, ਪਰਮਿੰਦਰ ਸਿੰਘ ਵਾਸੀ ਲੁਧਿਆਣਾ, ਦਲੇਰ ਸਿੰਘ ਵਾਸੀ, ਬਾਬਾ ਜਸਵੰਤ ਸਿੰਘ ਵਾਸੀ ਅਮਲੋਹ, ਅਨਿਲ ਸਿੰਘ ਸੈਣੀ, ਆਸ਼ੂਤੋਸ਼ ਗੁਪਤਾ, ਰਾਮ ਸਿੰਘ ਥਾਪਾ ਵਾਸੀ ਦੇਹਰਾਦੂਨ ਤੇ ਬਿਲਾਲ ਅਹਿਮਦ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਤੇ ਦਸਤਾਵੇਜਾਂ ਨਾਲ ਛੇੜਛਾੜ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਥਾਣਾ ਦੁੱਗਰੀ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।