2 ਸਤੰਬਰ 2024 : ਮੁੰਬਈ: ਬੌਲੀਵੁੱਡ ਜੋੜਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਆਪਣੇ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਛੁੱਟੀਆਂ ਮਨਾਉਣ ਨਿਊਯਾਰਕ ਗਿਆ ਹੈ। ਜੋੜੇ ਨੇ ਇਸ ਸਬੰਧੀ ਕੁਝ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਵੀਡੀਓ ਵਿੱਚ ਜੋੜਾ ਸਮਾਜਿਕ ਸਮਾਗਮ ਵਿੱਚ ਸ਼ਿਰਕਤ ਕਰਦਾ ਨਜ਼ਰ ਆ ਰਿਹਾ ਹੈ। ਇਸ ਮਗਰੋਂ ਉਹ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦੇ ਅਤੇ ਮਾਲ ਵਿੱਚ ਸਮਾਂ ਬਿਤਾਉਂਦੇ ਨਜ਼ਰ ਆਏ। ਸੋਨਾਕਸ਼ੀ ਦੀ ਭਾਬੀ ਸਨਮ ਰਤਨਸੀ ਅਤੇ ਉਸ ਦੀ ਬੇਟੀ ਵੀ ਨਿਊਯਾਰਕ ਦੌਰੇ ’ਤੇ ਉਨ੍ਹਾਂ ਦੇ ਨਾਲ ਹਨ। ਇਸ ਦੌਰਾਨ ਵੀਡੀਓ ਵਿੱਚ ਜ਼ਹੀਰ ਇਕਬਾਲ ਆਪਣੀ ਭਤੀਜੀ ਨੂੰ ਖਿਡਾਉਂਦਾ ਵੀ ਨਜ਼ਰ ਆ ਰਿਹਾ ਹੈ। ਸੋਨਾਕਸ਼ੀ ਨੇ ਇਸ ਬਾਰੇ ਕਿਹਾ, ‘ਸਨਮ ਰਤਨਸੀ ਅਤੇ ਆਪਣੀ ਭਤੀਜੀ ਨਾਲ ਅੱਜ ਤੱਕ ਦਾ ਸਭ ਤੋਂ ਵਧੀਆ ਟਰਿੱਪ।’ ਇਨ੍ਹਾਂ ਵੀਡੀਓਜ਼ ਤੋਂ ਇਲਾਵਾ ਸੋਨਾਕਸ਼ੀ ਨੇ ਜ਼ਹੀਰ ਨਾਲ ਆਪਣੀ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘ਜਿੱਥੇ ਦਿਲ ਹੈ, ਉੱਥੇ ਹੀ ਘਰ ਹੈ।’ ਜ਼ਿਕਰਯੋਗ ਹੈ ਕਿ ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਨੇ ਇਸੇ ਸਾਲ 23 ਜੂਨ ਨੂੰ ਮੁੰਬਈ ਵਿੱਚ ਵਿਆਹ ਕਰਵਾਇਆ ਸੀ।