22 ਅਗਸਤ 2024 : ਸਥਾਨਕ ਕੋਰਟ ਨੇ ਬਦਲਾਪੁਰ ਦੇ ਇਕ ਸਕੂਲ ਵਿਚ ਦੋ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਦੇ ਮੁਲਜ਼ਮ ਦਾ ਪੁਲੀਸ ਰਿਮਾਂਡ 26 ਅਗਸਤ ਤੱਕ ਵਧਾ ਦਿੱਤਾ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੀਨੀਅਰ ਆਈਪੀਐੱਸ ਅਧਿਕਾਰੀ ਆਰਤੀ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਸਕੂਲ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਧਰ ਵਿਰੋਧੀ ਧਿਰਾਂ ਦੇ ਗੱਠਜੋੜ ਮਹਾ ਵਿਕਾਸ ਅਗਾੜੀ ਨੇ 24 ਅਗਸਤ ਨੂੰ ‘ਮਹਾਰਾਸ਼ਟਰ ਬੰਦ’ ਦਾ ਸੱਦਾ ਦਿੱਤਾ ਹੈ। ਬਦਲਾਪੁਰ ਰੇਲਵੇ ਸਟੇਸ਼ਨ ਉੱਤੇ ਮੰਗਲਵਾਰ ਨੂੰ ਹੋਈ ਹਿੰਸਾ ਦੇ ਸਬੰਧ ਵਿਚ ਚਾਰ ਐੱਫਆਈਆਰ ਦਰਜ ਕਰਕੇ 72 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੋਸ ਮੁਜ਼ਾਹਰਿਆਂ ਦੌਰਾਨ ਰੇਲਵੇ ਸਟੇਸ਼ਨ ਤੇ ਬਦਲਾਪੁਰ ਦੇ ਹੋਰਨਾਂ ਹਿੱਸਿਆਂ ਵਿਚ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਘੱਟੋ-ਘੱਟ 17 ਪੁਲੀਸ ਮੁਲਾਜ਼ਮ ਤੇ ਰੇਲਵੇ ਪੁਲੀਸ ਦੇ ਅੱਠ ਜਵਾਨ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਖਿਲਾਫ਼ ਭਖੇ ਰੋਹ ਮਗਰੋਂ ਬਦਲਾਪੁਰ ਵਿਚ ਇੰਟਰਨੈੱਟ ਸੇਵਾਵਾਂ ਅੱਜ ਵੀ ਮੁਅੱਤਲ ਰਹੀਆਂ।
ਬਦਲਾਪੁਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਅੱਜ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਰਹੇ ਤੇ ਹਾਲਾਤ ਹੌਲੀ ਹੌਲੀ ਆਮ ਵਾਂਗ ਹੋਣ ਲੱਗੇ ਹਨ। ਡੀਸੀਪੀ ਸੁਧਾਕਰ ਪਥਾਰੇ ਨੇ ਕਿਹਾ ਕਿ ਰੋਸ ਮੁਜ਼ਾਹਰਿਆਂ ਤੇ ਉਸ ਮਗਰੋਂ ਭੜਕੀ ਹਿੰਸਾ ਕਰਕੇ ਇਹਤਿਆਤ ਵਜੋਂ ਕਸਬੇ ਵਿਚ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ। ਸੀਨੀਅਰ ਵਕੀਲ ਉੱਜਵਲ ਨਿਕਮ, ਜਿਨ੍ਹਾਂ ਨੂੰ ਜਿਨਸੀ ਸ਼ੋਸ਼ਣ ਕੇਸ ਵਿਚ ਵਿਸ਼ੇਸ਼ ਸਰਕਾਰੀ ਵਕੀਲ ਨਿਯੁੁਕਤ ਕੀਤਾ ਗਿਆ ਹੈ, ਨੇ ਪੁਲੀਸ ਵੱਲੋਂ ਐੱਫਆਈਆਰ ਦਰਜ ਕਰਨ ਵਿਚ ਕੀਤੀ ਦੇਰੀ ਦੀ ਨਿਖੇਧੀ ਕੀਤੀ ਹੈ। ਮਹਾਰਾਸ਼ਟਰ ਕਾਂਗਰਸ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਸੂਬਾ ਸਕੱਤਰੇਤ ਮੰਤਰਾਲਿਆ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਬਦਲਾਪੁਰ ਸਕੂਲ ਦੀ ਉਪਰੋਕਤ ਘਟਨਾ ਦੇ ਹਵਾਲੇ ਨਾਲ ‘ਸ਼ਕਤੀ ਬਿੱਲ’ ਪਾਸ ਕੀਤੇ ਜਾਣ ਤੇ ਇਸ ਨੂੰ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਮਹਾ ਵਿਕਾਸ ਅਗਾੜੀ ਸਰਕਾਰ ਦੇ ਕਾਰਜਕਾਲ ਦੌਰਾਨ ਪਾਸ ਕੀਤਾ ਇਹ ਬਿੱਲ ਬਦਲਾਪੁਰ ਕੇਸ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਕਾਫ਼ੀ ਹੈ।
ਉਧਰ ਬਾਲ ਹੱਕਾਂ ਦੀ ਰਾਖੀ ਬਾਰੇ ਮਹਾਰਾਸ਼ਟਰ ਸਟੇਟ ਕਮਿਸ਼ਨ ਦੀ ਚੇਅਰਪਰਸਨ ਸੁਸੀਬੇਨ ਸ਼ਾਹ ਨੇ ਦਾਅਵਾ ਕੀਤਾ ਬਦਲਾਪੁਰ ਸਕੂਲ ਪ੍ਰਬੰਧਨ ਵੱਲੋਂ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਸਬੰਧੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਨ ਵਿਚ ਪੀੜਤ ਮਾਪਿਆਂ ਦੀ ਮਦਦ ਕਰਨ ਦੀ ਥਾਂ ਅਪਰਾਧ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਨ ਨੇ ਜੇ ਪੁਲੀਸ ਨੂੰ ਸਹੀ ਜਾਣਕਾਰੀ ਦਿੱਤੀ ਹੁੰਦੀ ਤਾਂ ਬਦਲਾਪੁਰ ਵਿਚ ਹਾਲਾਤ ਕੁਝ ਹੋਰ ਹੁੰਦੇ।