11 ਅਕਤੂਬਰ 2024 : ਕੈਲਗਰੀ (ਸੁਖਵੀਰ ਗਰੇਵਾਲ): ਜਪਾਨ ਦੇ ਦੌਰੇ ’ਤੇ ਜਾ ਰਹੀ ਕੈਨੇਡਾ ਦੀਆਂ ਕੁੜੀਆਂ ਦੀ ਸੀਨੀਅਰ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਕੁੜੀਆਂ ਨੂੰ ਜਗ੍ਹਾ ਮਿਲੀ ਹੈ। ਪਰਮਦੀਪ ਗਿੱਲ, ਪਰਵਾ ਸੰਧੂ, ਪ੍ਰਭਲੀਨ ਗਰੇਵਾਲ ਅਤੇ ਭਵਨੀਤ ਹੋਠੀ ਨੂੰ ਇਸ ਟੀਮ ਵੱਲੋਂ ਖੇਡਣ ਦਾ ਮੌਕਾ ਮਿਲੇਗਾ। ਫੀਲਡ ਹਾਕੀ ਕੈਨੇਡਾ ਟੀਮ ਦੇ ਐਲਾਨ ਨਾਲ ਕਿਹਾ ਗਿਆ ਹੈ ਕਿ ਇਸ ਟੀਮ ਵਿੱਚ 23 ਸਾਲ ਤੋਂ ਘੱਟ ਉਮਰ ਦੀਆਂ ਖਿਡਾਰਨਾਂ ਨੂੰ ਮੌਕਾ ਦਿੱਤਾ ਗਿਆ ਤਾਂ ਕਿ ਭਵਿੱਖ ਲਈ ਸੀਨੀਅਰ ਟੀਮ ਤਿਆਰ ਕਰਨ ਦੀਆਂ ਸੰਭਾਵਨਾਵਾਂ ਨੂੰ ਤਰਾਸ਼ਿਆ ਜਾ ਸਕੇ। ਗੋਲਕੀਪਰ ਪਰਮਦੀਪ ਗਿੱਲ ਬ੍ਰਹਮਟਨ ਤੋਂ ਹੈ ਤੇ ਹਾਕੀ ਨੂੰ ਸਮਰਪਿਤ ਪਰਿਵਾਰ ਦੀ ਧੀ ਹੈ। ਕੈਨੇਡਾ ਦੇ ਨੈਸ਼ਨਲ ਪੱਧਰ ਦੇ ਟੂਰਨਾਮੈਂਟਾਂ ਤੋਂ ਇਲਾਵਾ ਯੂਨੀਵਰਸਿਟੀ ਸੀਜ਼ਨ ਵਿੱਚ ਪਰਮਦੀਪ ਬਹੁਤ ਹੀ ਵਧੀਆ ਖੇਡ ਦਿਖਾ ਚੁੱਕੀ ਹੈ। ਇਸ ਤੋਂ ਪਹਿਲਾਂ ਪਰਮਦੀਪ ਨੇ ਸਾਲ 2023 ਵਿੱਚ ਇਨਡੋਰ ਵਿਸ਼ਵ ਕੱਪ ਵਿੱਚ ਕੈਨੇਡਾ ਵੱਲੋਂ ਭਾਗ ਲਿਆ ਸੀ। ਪਰਵਾ ਸੰਧੂ ਸਰੀ ਦੇ ਇੰਡੀਆ ਕਲੱਬ ਤੋਂ ਹੈ ਤੇ ਫੀਲਡ ਹਾਕੀ ਨੂੰ ਸਮਰਪਿਤ ਪਰਿਵਾਰ ਨਾਲ ਸਬੰਧ ਰੱਖਦੀ ਹੈ। ਪਰਵਾ ਨੇ ਇਸ ਤੋਂ ਪਹਿਲਾਂ 2023 ਦੇ ਵਿਸ਼ਵ ਕੱਪ ਵਿੱਚ ਭਾਗ ਲਿਆ ਸੀ। ਪ੍ਰਭਲੀਨ ਗਰੇਵਾਲ ਕੈਲਗਰੀ ਦੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਵੱਲੋਂ ਖੇਡਦੀ ਹੈ। ਪ੍ਰਭਲੀਨ ਦਾ ਪਰਿਵਾਰਕ ਪਿਛੋਕੜ ਖੇਡਾਂ ਲਈ ਮਸ਼ਹੂਰ ਪਿੰਡ ਕਿਲਾ ਰਾਏਪੁਰ ਤੋਂ ਹੈ। ਚੌਥੀ ਖਿਡਾਰਨ ਭਵਨੀਤ ਹੋਠੀ ਸਰੀ ਦੇ ਟਾਈਗਰਜ਼ ਕਲੱਬ ਦੀ ਖਿਡਾਰਨ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।