2 ਸਤੰਬਰ 2024 : ਭਾਰਤ ਦਾ ਰਵੀ ਰੋਂਗਲੀ ਪੈਰਿਸ ਪੈਰਾਲੰਪਿਕ ਵਿੱਚ ਅਥਲੈਟਿਕਸ ਮੁਕਾਬਲਿਆਂ ਦੇ ਤੀਜੇ ਦਿਨ ਪੁਰਸ਼ਾਂ ਦੇ ਐੱਫ40 ਸ਼ਾਟਪੁਟ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਿਹਾ ਜਦੋਂਕਿ ਰਕਸ਼ਿਤਾ ਰਾਜੂ ਮਹਿਲਾ 1500 ਮੀਟਰ ਟੀ11 ਦੌੜ ਦੇ ਸ਼ੁਰੂਆਤੀ ਗੇੜ ਵਿੱਚ ਹੀ ਹਾਰ ਕੇ ਬਾਹਰ ਹੋ ਗਈ। ਪਿਛਲੇ ਸਾਲ ਚੀਨ ਵਿੱਚ ਏਸ਼ਿਆਈ ਪੈਰਾ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਰਵੀ ਨੇ 10.63 ਮੀਟਰ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ ਕੀਤਾ। ਹਾਲਾਂਕਿ ਇਹ ਪ੍ਰਦਰਸ਼ਨ ਉਸ ਨੂੰ ਪੰਜਵਾਂ ਸਥਾਨ ਹੀ ਦਿਵਾ ਸਕਿਆ। ਵਿਸ਼ਵ ਰਿਕਾਰਡ ਧਾਰਕ ਪੁਰਤਗਾਲ ਦੇ ਮਿਗੁਏਲ ਮੋਂਟੇਰੋ ਨੇ 11.21 ਮੀਟਰ ਨਾਲ ਸੋਨ ਤਗਮਾ ਜਿੱਤਿਆ ਜਦਕਿ ਮੰਗੋਲੀਆ ਦੇ ਬਟੂਲਗਾ ਸੇਗਮਿਦ (11.09 ਮੀਟਰ) ਨੇ ਚਾਂਦੀ ਦਾ ਤਗਮਾ ਜਿੱਤਿਆ। ਏਸ਼ਿਆਈ ਪੈਰਾ ਖੇਡਾਂ ਦੇ ਮੌਜੂਦਾ ਚੈਂਪੀਅਨ ਇਰਾਕ ਦੇ ਗੈਰਾਹ ਤਨਾਇਸ਼ ਨੇ 11.03 ਮੀਟਰ ਦੇ ਥਰੋਅ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ ਜਦਕਿ ਟੋਕੀਓ ਪੈਰਾਲੰਪਿਕ ਦੇ ਸੋਨ ਤਗ਼ਮਾ ਜੇਤੂ ਅਤੇ ਮੌਜੂਦਾ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨ ਰੂਸ ਦਾ ਡੈਨਿਸ ਗਨੇਜ਼ਦਿਲੋਵ 10.80 ਮੀਟਰ ਦੇ ਥਰੋਅ ਨਾਲ ਚੌਥੇ ਸਥਾਨ ’ਤੇ ਰਿਹਾ। ਐੱਫ40 ਵਰਗ ਛੋਟੇ ਕਦ ਵਾਲੇ ਖਿਡਾਰੀਆਂ ਲਈ ਹੈ।

ਇਸ ਤੋਂ ਪਹਿਲਾਂ 23 ਸਾਲਾ ਰਕਸ਼ਿਤਾ 5:29.92 ਮਿੰਟ ਦੇ ਸਮੇਂ ਨਾਲ ਹੀਟ 3 ਵਿੱਚ ਚਾਰ ਦੌੜਾਕਾਂ ’ਚੋਂ ਆਖਰੀ ਸਥਾਨ ’ਤੇ ਰਹੀ। ਤਿੰਨ ਹੀਟਾਂ ’ਚੋਂ ਹਰੇਕ ਵਿੱਚ ਸਿਖਰਲੇ ਦੋ ਦੌੜਾਕ ਫਾਈਨਲ ਲਈ ਕੁਆਲੀਫਾਈ ਕੀਤੇ। ਚੀਨ ਦੀ ਸ਼ਾਨਸ਼ਾਨ ਹੇ 4:44.66 ਮਿੰਟ ਦੇ ਸਮੇਂ ਨਾਲ ਰਕਸ਼ਿਤਾ ਦੀ ਹੀਟ ਵਿੱਚ ਸਿਖਰ ’ਤੇ ਰਹੀ ਜਦਕਿ ਦੱਖਣੀ ਅਫਰੀਕਾ ਦੀ ਲੌਜ਼ੇਨ ਕੋਏਟਜ਼ੀ 4:45.25 ਮਿੰਟ ਦੀ ਆਪਣੀ ਸੀਜ਼ਨ ਦੀ ਸਰਬੋਤਮ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਰਹੀ। ਟੀ11 ਵਰਗ ਨੇਤਰਹੀਣ ਅਥਲੀਟਾਂ ਲਈ ਹੈ। ਇਸ ਵਿੱਚ ਅਥਲੀਟ ਗਾਈਡਾਂ ਦੀ ਮਦਦ ਨਾਲ ਮੁਕਾਬਲਾ ਕਰਦੇ ਹਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।