26 ਅਗਸਤ 2024 : ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ‘ਪੰਜ ਤਖ਼ਤ ਵਿਸ਼ੇਸ਼ ਤੀਰਥ ਯਾਤਰਾ’ ਰੇਲ ਗੱਡੀ ਨੂੰ ਅੱਜ ਨਾਂਦੇੜ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖ ਧਰਮ ਦੇ ਪੰਜ ਤਖ਼ਤ ਸਾਹਿਬਾਨ ਦੇ ਦਰਸ਼ਨਾਂ ਲਈ ਇਹ ਪਹਿਲੀ ਵਿਸ਼ੇਸ਼ ਰੇਲਗੱਡੀ ਭਾਰਤੀ ਰੇਲਵੇ ਦੁਆਰਾ ਲੋਕਾਂ ਨੂੰ ਜੋੜਨ, ਰੂਹਾਨੀਅਤ ਅਤੇ ਰਾਸ਼ਟਰਵਾਦ ਨੂੰ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪੰਜ ਤਖ਼ਤ ਸਪੈਸ਼ਲ ਰੇਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਹ ਰੇਲਗੱਡੀ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ, ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਲਈ ਚੱਲੇਗੀ। ਕੁੱਲ 12 ਦਿਨਾਂ ਵਿੱਚ ਇਹ ਆਪਣੀ ਯਾਤਰਾ ਮੁਕੰਮਲ ਕਰੇਗੀ ਅਤੇ ਰੇਲਗੱਡੀ ਵਿੱਚ ਕੁੱਲ 1300 ਸ਼ਰਧਾਲੂ ਸਫਰ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਰੇਲਗੱਡੀ ਦੇ ਪਹਿਲੇ ਕੋਚ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ। ਇਹ ਵਿਸ਼ੇਸ਼ ਰੇਲਗੱਡੀ ਅੱਜ ਰਵਾਨਾ ਹੋ ਗਈ ਹੈ ਜੋ 6 ਸਤੰਬਰ ਨੂੰ ਵਾਪਸ ਨਾਂਦੇੜ ਪਹੁੰਚੇਗੀ।

ਇਸ ਦੌਰਾਨ ਰਵਨੀਤ ਸਿੰਘ ਬਿੱਟੂ ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਨਾਂਦੇੜ ਵਿਖੇ ਨਤਮਸਤਕ ਹੋਏ, ਜਿਥੇ ਕਿ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਵਿਸ਼ੇਸ਼ ਰੇਲਗੱਡੀ ਰਵਾਨਾ ਕਰਨ ਮੌਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਬਾਬਾ ਜੋਤਇੰਦਰ ਸਿੰਘ ਅਤੇ ਡਿਵੀਜ਼ਨਲ ਰੇਲਵੇ ਮੈਨੇਜਰ, ਨਾਂਦੇੜ ਡਿਵੀਜ਼ਨ ਨੀਤੀ ਸਰਕਾਰ ਸਣੇ ਹੋਰ ਸੀਨੀਅਰ ਰੇਲਵੇ ਅਧਿਕਾਰੀ ਵੀ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।