26 ਅਗਸਤ 2024. : ਪਾਵਰਕੌਮ ਨੇ ਹੁਣ ਬਿਜਲੀ ਚੋਰਾਂ ਖ਼ਿਲਾਫ਼ ਮੁੜ ਮੁਹਿੰਮ ਵਿੱਢ ਦਿੱਤੀ ਹੈ ਤਾਂ ਜੋ ਜੁਰਮਾਨੇ ਨਾਲ ਖ਼ਜ਼ਾਨਾ ਭਰਿਆ ਜਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 15 ਕਰੋੜ ਦੀ ਬਿਜਲੀ ਚੋਰੀ ਫੜੀ ਜਾ ਚੁੱਕੀ ਹੈ। ਪੰਜਾਬ ਵਿੱਚ ਬਿਜਲੀ ਚੋਰੀ ਰੋਕਣੀ ਸੌਖੀ ਨਹੀਂ ਹੈ ਕਿਉਂਕਿ ਇਸ ਦੇ ਰਾਹ ’ਚ ਕਾਫ਼ੀ ਅੜਿੱਕੇ ਹਨ। ਅੱਜ ਸਮੁੱਚੇ ਪੰਜਾਬ ਵਿੱਚ ਬਿਜਲੀ ਚੋਰੀ ਰੋਕਣ ਵਾਸਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਦੋ ਦਿਨਾਂ ਦੌਰਾਨ ਪਾਵਰਕੌਮ ਨੇ 50,781 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿੱਚੋਂ ਬਿਜਲੀ ਚੋਰੀ ਦੇ ਕੁੱਲ 3,349 ਕੇਸ ਫੜੇ ਗਏ ਅਤੇ ਸਬੰਧਤ ਖ਼ਪਤਕਾਰਾਂ ’ਤੇ 7.66 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਸਰਹੱਦੀ ਜ਼ੋਨ ਵਿੱਚ ਬਿਜਲੀ ਚੋਰੀ ਦੇ 659 ਮਾਮਲੇ ਸਾਹਮਣੇ ਆਏ ਹਨ ਅਤੇ ਖ਼ਪਤਕਾਰਾਂ ਨੂੰ 1.73 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ। ਪੱਛਮੀ ਜ਼ੋਨ ਵਿੱਚ 539 ਕੇਸ ਫੜੇ ਗਏ ਅਤੇ 1.39 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਦੱਖਣੀ ਜ਼ੋਨ ਵਿੱਚ 738 ਕੇਸ ਫੜੇ ਗਏ ਅਤੇ 1.23 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਕੇਂਦਰੀ ਜ਼ੋਨ ਵਿੱਚ 495 ਕੇਸਾਂ ’ਚ 1.32 ਕਰੋੜ ਰੁਪਏ ਦਾ ਜੁਰਮਾਨਾ ਅਤੇ ਉੱਤਰੀ ਜ਼ੋਨ ਵਿੱਚ ਫੜੇ 642 ਕੇਸਾਂ ’ਚ ਸਬੰਧਤ ਖ਼ਪਤਕਾਰਾਂ ਨੂੰ 81 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਜੁਰਮਾਨਾ ਲਗਾਉਣ ਤੋਂ ਇਲਾਵਾ, ਐੱਫ਼ਆਈਆਰ ਵੀ ਦਰਜ ਕੀਤੀਆਂ ਗਈਆਂ ਹਨ ਅਤੇ ਸਬੰਧਤ ਖ਼ਪਤਕਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਹਰੇਕ ਵਿਅਕਤੀ ਨੂੰ ਆਪਣੇ ਬਿਜਲੀ ਕੁਨੈਕਸ਼ਨ ਨਿਯਮਤ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਉਨ੍ਹਾਂ ਨੂੰ ਸਿਸਟਮ ਅਧੀਨ ਲਿਆਂਦਾ ਜਾ ਸਕੇ। ਜ਼ਿਲ੍ਹਾ ਪਟਿਆਲਾ ਵਿੱਚ ਇੱਕ ‘ਆਪ’ ਵਿਧਾਇਕ ਬਿਜਲੀ ਚੋਰਾਂ ਦੀ ਪਿੱਠ ’ਤੇ ਡਟ ਗਿਆ ਹੈ। ਜਦੋਂ ਬੀਤੇ ਦਿਨ ਵਿਭਾਗ ਦੀ ਟੀਮ ਜ਼ਿਲ੍ਹੇ ਦੀ ਇੱਕ ਢਾਣੀ ਵਿੱਚ ਚੈਕਿੰਗ ਕਰਨ ਗਈ ਤਾਂ ਇੱਕ ਖ਼ਪਤਕਾਰ ਨੇ ਸਿੱਧੀ ਕੁੰਢੀ ਲਾਈ ਹੋਈ ਸੀ। ਜਦੋਂ ਪਾਵਰਕੌਮ ਦੀ ਟੀਮ ਨੇ ਚੈਕਿੰਗ ਕੀਤੀ ਤਾਂ ਖ਼ਪਤਕਾਰ ਨੇ ‘ਆਪ’ ਵਿਧਾਇਕ ਨੂੰ ਫੋਨ ਮਿਲਾ ਕੇ ਟੀਮ ਦੇ ਇੱਕ ਅਧਿਕਾਰੀ ਦੇ ਕੰਨ ਨਾਲ ਲਾ ਦਿੱਤਾ। ‘ਆਪ’ ਵਿਧਾਇਕ ਨੇ ਟੀਮ ਨੂੰ ਚੈਕਿੰਗ ਕਰਨ ਤੋਂ ਰੋਕ ਦਿੱਤਾ ਅਤੇ ਖ਼ਪਤਕਾਰ ਨੂੰ ਭਵਿੱਖ ’ਚ ਟੀਮ ਨੂੰ ਬੰਦੀ ਬਣਾਉਣ ਦੀ ਸਲਾਹ ਵੀ ਦਿੱਤੀ।