26 ਅਗਸਤ 2024 : ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ (ਟਾਰਚ ਰਿਲੇਅ) ਅੱਜ ਰੂਪਨਗਰ ਪਹੁੰਚੀ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆ ਰਹੀ ਮਸ਼ਾਲ ਦਾ ਰੂਪਨਗਰ ਵਿੱਚ ਪਹੁੰਚਣ ’ਤੇ ਡੀਸੀ ਡਾ. ਪ੍ਰੀਤੀ ਯਾਦਵ, ਐੱਸਡੀਐੱਮ ਨਵਦੀਪ ਕੁਮਾਰ, ਖਿਡਾਰੀਆਂ, ਅਥਲੀਟਾਂ ਤੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਤਹਿਸੀਲਦਾਰ ਕਰਮਜੋਤ ਸਿੰਘ, ਸਰਕਾਰੀ ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਤੇ ਡੀ ਪੀ ਆਰ ਓ ਕਰਨ ਮਹਿਤਾ ਆਦਿ ਹਾਜ਼ਰ ਸਨ। ਇਸ ਉਪਰੰਤ ਮਸ਼ਾਲ ਨੂੰ ਮੁਹਾਲੀ ਜ਼ਿਲ੍ਹੇ ਲਈ ਰਵਾਨਾ ਕੀਤਾ ਗਿਆ।

ਐਸਏਐਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਮੁਹਾਲੀ ਪ੍ਰਸ਼ਾਸਨ ਵੱਲੋਂ ਡੀਸੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਇੱਥੋਂ ਦੇ ਸੈਕਟਰ-78 ਦੇ ਬਹੁਮੰਤਵੀ ਖੇਡ ਭਵਨ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਮਸ਼ਾਲ (ਟਾਰਚ ਰਿਲੇਅ) ਦਾ ਸਵਾਗਤ ਕੀਤਾ ਗਿਆ। ਸਪੋਰਟਸ ਕੰਪਲੈਕਸ ਵਿਖੇ ਪ੍ਰੈਕਟਿਸ ਕਰ ਰਹੇ ਵੱਖ-ਵੱਖ ਖੇਡਾਂ ਦੇ ਉਭਰਦੇ ਖਿਡਾਰੀਆਂ ਦੇ ਨਾਲ ਸਵਾਗਤ ਕਰਦਿਆਂ ਡੀਸੀ ਨੇ ਕਿਹਾ ਕਿ ਖਿਡਾਰੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਜੋ 29 ਅਗਸਤ ਤੱਕ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਲਾਕ ਪੱਧਰੀ ਮੁਕਾਬਲੇ 2 ਤੋਂ 7 ਸਤੰਬਰ ਤੱਕ ਖਰੜ, ਕੁਰਾਲੀ, ਮੁਹਾਲੀ ਅਤੇ ਡੇਰਾਬੱਸੀ ਵਿਖੇ ਕਰਵਾਏ ਜਾ ਰਹੇ ਹਨ। ਸਟੇਡੀਅਮ ਵਿੱਚ ਰੁਕਣ ਤੋਂ ਬਾਅਦ ‘ਟਾਰਚ ਰਿਲੇਅ’ ਅਗਲੇ ਜ਼ਿਲ੍ਹੇ ਲਈ ਸੈਂਕੜੇ ਖਿਡਾਰੀਆਂ ਦੀ ਸ਼ਮੂਲੀਅਤ ਦਰਮਿਆਨ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਬੇਗਰਾ ਵੱਲੋਂ ਲਾਂਡਰਾ-ਚੁੰਨੀ ਮਾਰਗ ’ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਸੌਂਪੀ ਗਈ।

ਮਸ਼ਾਲ ਦੇ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਗਮ

ਕੁਰਾਲੀ (ਪੱਤਰ ਪ੍ਰੇਰਕ ): ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮਸ਼ਾਲ ਅੱਜ ਕੁਰਾਲੀ ਰਾਹੀਂ ਜ਼ਿਲ੍ਹੇ ਵਿੱਚ ਦਾਖ਼ਲ ਹੋਈ। ਮਸ਼ਾਲ ਦਾ ਸਵਾਗਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ ਕੁਰਾਲੀ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਖਿਡਾਰੀਆਂ ਨੇ ਮਸ਼ਾਲ ਪ੍ਰਾਪਤ ਕਰਦਿਆਂ ਅੱਗੇ ਦੇ ਸਫ਼ਰ ਲਈ ਰਵਾਨਾ ਕੀਤੀ। ਅੱਜ ਮੁਹਾਲੀ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਮੌਕੇ ਕੁਰਾਲੀ ਵਿੱਚ ਮਸ਼ਾਲ ਦਾ ਸਵਾਗਤ ਕੀਤਾ ਗਿਆ। ਰੂਪਨਗਰ ਦੇ ਖਿਡਾਰੀਆਂ ਨੇ ਮਸ਼ਾਲ ਮੁਹਾਲੀ ਪ੍ਰਸ਼ਾਸਨ ਨੂੰ ਸੌਂਪ ਦਿੱਤੀ। ਐੱਸਡੀਐੱਮ ਖਰੜ ਗੁਰਮੰਦਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਣਾ ਹਰੀਸ਼ ਕੁਮਾਰ, ਕੌਂਸਲਰ ਬਹਾਦਰ ਸਿੰਘ ਓਕੇ, ਨੰਦੀ ਪਾਲ ਬਾਂਸਲ, ਡਾ. ਅਸ਼ਵਨੀ ਸ਼ਰਮਾ, ਖੁਸ਼ਬੀਰ ਸਿੰਘ ਹੈਪੀ, ਪਰਦੀਪ ਰੂੜਾ ਅਤੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਆਦਿ ਨੇ ਇਹ ਮਸ਼ਾਲ ਹਾਸਲ ਕੀਤੀ। ਇਸ ਤੋਂ ਬਾਅਦ ਮਸ਼ਾਲ ਖਿਡਾਰੀਆਂ ਨੂੰ ਸੌਂਪੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।