ਪੰਜਾਬ ‘ਚ ਸਹਿਕਾਰਤਾ ਲਹਿਰ ਨੂੰ ਵਧੇਰੇ ਮਜ਼ਬੂਤ ਕਰਨ ਤੇ ਪੂੰਜੀ ਦੇ ਪਸਾਰੇ ਲਈ ਚੁੱਕੇ ਉਚੇਚੇ ਕਦਮ
ਮਹਿਲਾ ਕਾਰੀਗਰਾਂ ਵੱਲੋਂ ਤਿਆਰ ਉਤਪਾਦਾਂ ਲਈ ਵਿਸ਼ਵ ਪੱਧਰੀ ਵਿਕਰੀ ਦੇ ਮੌਕੇ ਪ੍ਰਦਾਨ ਕਰਨ ਲਈ ‘ਫੁਲਕਾਰੀ’ ਦਾ ਵੈੱਬ ਪੋਰਟਲ ਲਾਂਚ
ਮਿਲਕਫੈੱਡ ਅਦਾਰਾ ਭਾਰਤ ਦੀਆਂ ਚੋਟੀ ਦੀਆਂ ਤਿੰਨ ਦੁੱਧ-ਉਤਪਾਦ ਏਜੰਸੀਆਂ ਵਿੱਚੋਂ ਇੱਕ
ਚੰਡੀਗੜ੍ਹ, – ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਸਹਿਕਾਰਤਾ ਵਿਭਾਗ ਨੂੰ ਪੰਜਾਬ ਦੇ ਆਰਥਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਇਸ ਰਾਜ ਵਿੱਚ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਦੀ ਪੁਰਜ਼ੋਰ ਵਕਾਲਤ ਕੀਤੀ ਹੈ। ਉਨਾਂ ਨੇ 71ਵੇਂ ਸਰਬ ਭਾਰਤੀ ਸਹਿਕਾਰਤਾ ਸਪਤਾਹ ਦੇ ਰਾਜ ਪੱਧਰੀ ਸਮਾਗਮ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਦਾ ਵਿਸਥਾਰ ਕਰਨ ਲਈ ਪੂਰੀ ਵਾਹ ਲਾਵੇਗੀ।
ਮੰਤਰੀ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਜਿਵੇਂ ਕਿ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਹਿਕਾਰੀ ਸਭਾਵਾਂ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਜੋ ਕਿਸਾਨਾਂ ਨੂੰ ਥੋਕ ਕੀਮਤਾਂ ‘ਤੇ ਖੇਤੀ ਸਮੱਗਰੀ ਖਰੀਦਣ ਅਤੇ ਪ੍ਰਚੂਨ ਕੀਮਤਾਂ ‘ਤੇ ਆਪਣੀ ਉਪਜ ਵੇਚਣ ਦੇ ਯੋਗ ਬਣਾਉਣ ਲਈ ਮੁੱਖ ਭੂਮਿਕਾ ਨਿਭਾਉਂਦੀਆਂ ਹਨ।
ਮੰਤਰੀ ਨੇ ਮਿਲਕਫੈੱਡ ਦੀਆਂ ਮੁੱਖ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦੁੱਧ ਦੀ ਰਿਕਾਰਡ ਖਰੀਦ ਸਦਕਾ ਮਿਲਕਫੈੱਡ ਅਦਾਰਾ ਭਾਰਤ ਦੀਆਂ ਚੋਟੀ ਦੀਆਂ ਤਿੰਨ ਦੁੱਧ-ਉਤਪਾਦ ਏਜੰਸੀਆਂ ਵਿੱਚੋਂ ਇੱਕ ਹੈ ਜਿਸਨੇ ਵਿੱਤੀ ਸਾਲ 2023-2024 ਵਿੱਚ ਪ੍ਰਤੀ ਦਿਨ 31 ਲੱਖ ਲੀਟਰ ਦੁੱਧ ਖਰੀਦ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਇਸ ਤੋਂ ਇਲਾਵਾ ਵੇਰਕਾ ਕੈਟਲ ਫੀਡ ਪਲਾਂਟ ਵਿਖੇ ਇੱਕ 50 ਐਮਟੀਪੀਡੀ ਬਾਈ-ਪਾਸ ਪ੍ਰੋਟੀਨ ਪਲਾਂਟ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ 50,000 ਐਲਪੀਡੀ ਦੀ ਸਮਰੱਥਾ ਵਾਲਾ ਇੱਕ ਫਰਮੈਂਟਿਡ ਮਿਲਕ ਪ੍ਰੋਸੈਸਿੰਗ ਅਤੇ ਪੈਕੇਜਿੰਗ ਯੂਨਿਟ ਸਥਾਪਤ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਵੇਰਕਾ ਦੁਆਰਾ ਮਾਰਕੀਟ ਵਿੱਚ ਲਿਆਂਦੇ ਗਏ ਨਵੇਂ ਉਤਪਾਦਾਂ ਵਿੱਚ ਗਾਂ ਦੇ ਘਿਓ ਦੇ 1-ਲੀਟਰ ਪਲਾਸਟਿਕ ਦੇ ਜਾਰ, ਸ਼ੂਗਰ-ਮੁਕਤ ਖੀਰ, ਸ਼ੂਗਰ-ਫ੍ਰੀ ਮਿਲਕ ਕੇਕ, ਅਤੇ ਸ਼ੂਗਰ-ਫ੍ਰੀ ਪਿਓ ਪ੍ਰੋਟੀਨ ਸ਼ਾਮਲ ਹਨ ਜਿਨ੍ਹਾਂ ਦੀ ਲੋਕਾਂ ਵੱਲੋਂ ਭਾਰੀ ਮੰਗ ਕੀਤੀ ਜਾ ਰਹੀ ਹੈ। ਫਸਲੀ ਵਿਭਿੰਨਤਾ ਲਈ ਸਹਾਇਤਾ ਵਜੋਂ ਮਾਰਕਫੈੱਡ ਅਦਾਰੇ ਨੇ ਮੂੰਗੀ ਦੀ ਕਾਸ਼ਤ ਲਈ ਆਪਣੀ ਕੀਮਤ ਸਮਰਥਨ ਸਕੀਮ ਰਾਹੀਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ, ਜਿਸ ਨਾਲ 4,515 ਕਿਸਾਨਾਂ ਨੂੰ ਲਾਭ ਹੋਇਆ। ਮਾਰਕਫੈੱਡ ਵੱਲੋਂ 7,584 ਮੀਟ੍ਰਿਕ ਟਨ ਮੂੰਗੀ ਦੀ ਖਰੀਦ ਰਾਹੀਂ ਕਿਸਾਨਾਂ ਨੂੰ ਝੋਨੇ-ਕਣਕ ਦੇ ਚੱਕਰ ਤੋਂ ਦੂਰ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਜਿਕਰਯੋਗ ਹੈ ਕਿ ਮਾਰਕਫੈੱਡ ਦੇ ਪ੍ਰੋਸੈਸਡ ਫੂਡ ਅਤੇ ਉਤਪਾਦਾਂ ਨੇ ਵਿਸ਼ਵ ਭਰ ਵਿੱਚ ਮਾਨਤਾ ਪ੍ਰਾਪਤ ਕੀਤੀ ਹੈ, ਜਿਸ ਨਾਲ ਸਹਿਕਾਰੀ ਸਭਾਵਾਂ ਨੂੰ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਹੋਇਆ ਹੈ। ਸਹਿਕਾਰੀ ਬੈਂਕ ਅਤੇ ਕਿਸਾਨ ਭਲਾਈ ਦੇ ਵੇਰਵੇ ਸਾਂਝੇ ਕਰਦਿਆਂ ਮੰਤਰੀ ਚੀਮਾ ਨੇ ਕਿਸਾਨਾਂ ਨੂੰ ਘੱਟ ਵਿਆਜ ‘ਤੇ ਕਰਜ਼ੇ ਦੇਣ ਲਈ ਸਹਿਕਾਰੀ ਬੈਂਕਾਂ ਦੀ ਤਾਰੀਫ਼ ਕੀਤੀ ਅਤੇ ਕੰਪਿਊਟਰੀਕਰਨ ਵਿੱਚ ਉਨ੍ਹਾਂ ਦੀ ਪ੍ਰਗਤੀ ਨੂੰ ਸਰਾਹਿਆ।
ਲਿੰਗ ਸਮਾਵੇਸ਼ੀ ਅਤੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਸਬੰਧੀ ਰਾਜ ਸਰਕਾਰ ਵੱਲੋਂ ਮੰਤਰੀ ਚੀਮਾ ਨੇ ‘ਫੁਲਕਾਰੀ’ ਦਾ ਵੈੱਬ ਪੋਰਟਲ ਲਾਂਚ ਕੀਤਾ ਜਿਸਦਾ ਉਦੇਸ਼ ਪੰਜਾਬ ਵਿੱਚ ਮਹਿਲਾ ਕਾਰੀਗਰਾਂ ਦੁਆਰਾ ਤਿਆਰ ਕੀਤੇ ਉਤਪਾਦਾਂ ਲਈ ਵਿਸ਼ਵ ਪੱਧਰੀ ਵਿਕਰੀ ਦੇ ਮੌਕੇ ਪ੍ਰਦਾਨ ਕਰਨਾ ਹੈ।
ਪੰਜਾਬ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ 3,000 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਲਗਭਗ 15,000 ਖੇਤੀ ਸੰਦ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ 12 ਨਵੀਆਂ ਫੂਡ ਪ੍ਰੋਸੈਸਿੰਗ ਸੰਸਥਾਵਾਂ ਦੀ ਸਥਾਪਨਾ ਫਸਲੀ ਵਿਭਿੰਨਤਾ ਨੂੰ ਸਮਰਥਨ ਦੇ ਰਹੀਆਂ ਹਨ।