ਪੰਜਾਬ ਦਾ ਬਾਗਬਾਨੀ ਖੇਤਰ 2024 ਵਿੱਚ ਨਵੀਆਂ ਸਿਖਰਾਂ 'ਤੇ ਪਹੁੰਚਿਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਬਾਗਬਾਨੀ ਖੇਤਰ ਦੇ ਵਿਕਾਸ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣ ਵੱਲ ਵੱਡੇ ਯਤਨ ਕੀਤੇ ਹਨ। ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਦੀ ਦਿਸ਼ਾ-ਨਿਰਦੇਸ਼ ਹੇਠ, ਵਿਭਾਗ ਨੇ 2024 ਵਿੱਚ ਅਨੇਕ ਪ੍ਰਗਤੀਸ਼ੀਲ ਕਦਮ ਚੁੱਕੇ, ਜੋ ਸੂਬੇ ਦੇ ਕਿਸਾਨਾਂ ਨੂੰ ਫਾਇਦਾ ਪਹੁੰਚਾ ਰਹੇ ਹਨ।
ਸਾਲ 2024 ਵਿੱਚ, ਪੰਜਾਬ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐਫ.) ਤਹਿਤ 19,408 ਪ੍ਰੋਜੈਕਟਾਂ ਅਤੇ 4,478 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕਰਵਾ ਕੇ ਦੇਸ਼ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕੀਤਾ। ਇਹ ਪ੍ਰਾਪਤੀ ਪੰਜਾਬ ਦੇ ਬਾਗਬਾਨੀ ਖੇਤਰ ਦੇ ਵਿਸਥਾਰ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ, ਫ਼ਸਲੀ ਵਿਭਿੰਨਤਾ ‘ਤੇ ਧਿਆਨ ਦੇਣ ਸਦਕਾ ਬਾਗਬਾਨੀ ਅਧੀਨ ਰਕਬੇ ਵਿੱਚ ਵੀ ਵਾਧਾ ਹੋਇਆ ਹੈ, ਜੋ 4,39,210 ਹੈਕਟੇਅਰ ਤੋਂ ਵਧ ਕੇ 4,81,616 ਹੈਕਟੇਅਰ ਤੱਕ ਪਹੁੰਚ ਗਿਆ।
ਪੰਜਾਬ ਨੇ ਸਕੌਚ ਨੈਸ਼ਨਲ ਅਵਾਰਡ 2024 ਰੇਸ਼ਮ ਦੀ ਖੇਤੀ ਪ੍ਰੋਜੈਕਟ ਲਈ ਚਾਂਦੀ ਦਾ ਤਗਮਾ ਹਾਸਲ ਕੀਤਾ। ਇਹ ਸਨਮਾਨ ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਾਗਬਾਨੀ ਦੇ ਯੋਗਦਾਨ ਨੂੰ ਪ੍ਰਮਾਣਿਤ ਕਰਦਾ ਹੈ। ਇੱਥੇ ਹੀ ਨਹੀਂ, ਸੂਬੇ ਨੇ ਪਠਾਨਕੋਟ, ਗੁਰਦਾਸਪੁਰ, ਅਤੇ ਹੁਸ਼ਿਆਰਪੁਰ ਦੇ ਉਪ-ਪਹਾੜੀ ਖੇਤਰਾਂ ਤੋਂ ਯੂ.ਕੇ. ਨੂੰ ਲੀਚੀ ਦੀ ਸਫਲ ਬਰਾਮਦ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ।
ਵਿਕਾਸ ਦੀ ਇਸ ਯਾਤਰਾ ਦੇ ਹਿੱਸੇ ਵਜੋਂ, ਸੂਬੇ ਵਿੱਚ ਤਿੰਨ ਨਵੇਂ ਬਾਗਬਾਨੀ ਅਸਟੇਟ ਸਥਾਪਿਤ ਕੀਤੇ ਗਏ ਹਨ। ਅੰਮ੍ਰਿਤਸਰ ਵਿੱਚ ਪੀਅਰ ਅਸਟੇਟ, ਪਟਿਆਲਾ ਵਿੱਚ ਗੁਆਵਾ ਅਸਟੇਟ, ਅਤੇ ਪਠਾਨਕੋਟ ਵਿੱਚ ਲੀਚੀ ਅਸਟੇਟ ਸਥਾਪਿਤ ਹੋਣ ਨਾਲ ਬਾਗਬਾਨੀ ਖੇਤਰ ਵਿੱਚ ਨਵੇਂ ਰਾਹ ਖੁੱਲੇ ਹਨ। ਸੂਬੇ ਨੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸੈਂਟਰ ਆਫ਼ ਐਕਸੀਲੈਂਸ ਵੀ ਸਥਾਪਿਤ ਕੀਤੇ ਹਨ, ਜਿਵੇਂ ਕਿ ਜਲੰਧਰ ਦੇ ਕਰਤਾਰਪੁਰ ਵਿੱਚ ਸਬਜ਼ੀਆਂ ਲਈ ਅਤੇ ਮੋਗਾ ਦੇ ਬੀੜ ਚਾੜਿਕ ਵਿੱਚ ਹਾਈ-ਟੈਕ ਸੀਡ ਸੈਂਟਰ।
ਰੇਸ਼ਮ ਖੇਤੀ ਖੇਤਰ ਵਿੱਚ ਵੀ ਸੂਬੇ ਨੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਕੋਕੂਨ ਦੀ ਕੀਮਤ ₹550 ਤੋਂ ਵਧਾ ਕੇ ₹1,250 ਪ੍ਰਤੀ ਕਿਲੋਗ੍ਰਾਮ ਤੱਕ ਕੀਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਹੋਰ ਵਧੀਕ ਆਮਦਨ ਮਿਲੀ ਹੈ। ਰੇਸ਼ਮ ਦੀ ਉਤਪਾਦਨ ਸ਼ਮਤਾਵਾਂ ਨੂੰ ਮਜ਼ਬੂਤ ਕਰਨ ਲਈ ਡਲਹੌਜ਼ੀ ਵਿੱਚ ਰੇਸ਼ਮ ਬੀਜ ਉਤਪਾਦਨ ਕੇਂਦਰ ਮੁੜ ਸਰਗਰਮ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਸਿਲਕ ਮਾਰਕ ਐਕਸਪੋ 2024 ਵਿੱਚ ਪੰਜਾਬ ਦੇ ਰੇਸ਼ਮ ਉਤਪਾਦਾਂ ਦੀ ਪ੍ਰਦਰਸ਼ਨੀ, ਰੇਸ਼ਮ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਈ।
ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਕਿਸਾਨਾਂ ਨੂੰ ਨਵੇਂ ਬਾਗ ਲਗਾਉਣ, ਸੁਰੱਖਿਅਤ ਖੇਤੀ ਵਿਧੀਆਂ ਅਪਣਾਉਣ ਅਤੇ ਮਧੂ ਮੱਖੀ ਪਾਲਣ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਉਪਰਾਲੇ ਨਵੇਂ ਬਿਜਨਸ ਮੌਕੇ ਪੈਦਾ ਕਰਨ ਦੇ ਨਾਲ ਪੇਂਡੂ ਖੇਤਰਾਂ ਨੂੰ ਸਸ਼ਕਤ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ।
ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਆਖਿਰ ਵਿੱਚ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਭਾਈਚਾਰਿਆਂ ਦੀ ਭਲਾਈ ਲਈ ਵਚਨਬੱਧ ਹੈ। ਬਾਗਬਾਨੀ ਅਤੇ ਰੇਸ਼ਮ ਖੇਤੀ ਖੇਤਰ ਵਿੱਚ ਕੀਤੇ ਗਏ ਇਹ ਯਤਨ ਸੂਬੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਬਿਹਤਰ ਕਰਨ, ਖੇਤੀ ਵਿੱਚ ਨਵੇਂ ਰੁਝਾਨ ਲਿਆਉਣ, ਅਤੇ ਵਿਦੇਸ਼ੀ ਮਾਰਕੀਟਾਂ ਤੱਕ ਪਹੁੰਚ ਬਣਾਉਣ ਲਈ ਇੱਕ ਵੱਡਾ ਕਦਮ ਹਨ।