ਵਿਸ਼ਵ ਗੱਤਕਾ ਫੈਡਰੇਸ਼ਨ ਦੀ ਨਿਯਮਾਂਵਲੀ ਦਾ ਨਵਾਂ ਐਡੀਸ਼ਨ ਜਲਦੀ ਹੋਵੇਗਾ ਜਾਰੀ : ਗਰੇਵਾਲ
ਤਿੰਨ ਰੋਜ਼ਾ ਕੌਮੀ ਰਿਫਰੈਸ਼ਰ ਕੋਰਸ ਰਾਹੀਂ ਗੱਤਕਾ ਆਫੀਸ਼ੀਅਲਾਂ ਦੀ ਕਾਰਜਸ਼ੈਲੀ ਨੂੰ ਮਿਲੀ ਨਵੀਂ ਦਿਸ਼ਾ
ਚੰਡੀਗੜ੍ਹ, 15 ਦਸੰਬਰ, 2025 (ਪੰਜਾਬੀ ਖ਼ਬਰਨਾਮਾ ਬਿਊਰੋ) – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਵੱਲੋਂ ਤਕਨੀਕੀ ਆਫੀਸ਼ੀਅਲਾਂ ਦੀ ਗਈ ਲਿਖਤੀ ਪ੍ਰੀਖਿਆ ਦੇ ਨਾਲ ਤਿੰਨ ਦਿਨਾਂ ਰਾਸ਼ਟਰੀ ਗੱਤਕਾ ਰਿਫਰੈਸ਼ਰ ਕੋਰਸ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਇਸ ਪ੍ਰੀਖਿਆ ਨੂੰ ਰਵਾਇਤੀ ਮਾਰਸ਼ਲ ਖੇਡ ਗੱਤਕੇ ਵਿੱਚ ਕਾਰਜਕਾਰੀ ਮਿਆਰਾਂ ਨੂੰ ਪੇਸ਼ੇਵਰ ਬਣਾਉਣ ਵੱਲ ਇੱਕ ਫੈਸਲਾਕੁੰਨ ਕਦਮ ਮੰਨਿਆ ਜਾਂਦਾ ਹੈ। ਇਸ ਪ੍ਰੀਖਿਆ ਦੇ ਆਧਾਰ ‘ਤੇ ਹੀ ਗੱਤਕਾ ਆਫੀਸ਼ੀਅਲਾਂ ਨੂੰ ਗ੍ਰੇਡਿੰਗ ਦੇ ਕੇ ਪ੍ਰਮਾਣਿਤ ਕੀਤਾ ਜਾਵੇਗਾ ਜਿਸ ਨਾਲ ਉਹ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਆਫੀਸ਼ੀਏਟਿੰਗ ਕਰ ਸਕਣਗੇ।
ਕੋਰਸ ਦੀ ਸਮਾਪਤੀ ਮੌਕੇ ਸੰਬੋਧਨ ਕਰਦੇ ਹੋਏ ਐਨ.ਜੀ.ਏ.ਆਈ. ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਨਿਯਮਾਂ ਮੁਤਾਬਕ ਇਹ ਪ੍ਰਮਾਣੀਕਰਣ ਪ੍ਰਕਿਰਿਆ ਗੱਤਕਾ ਰੂਲਾਂ ਦੀ ਇਕਸਾਰਤਾ ਨੂੰ ਯਕੀਨੀ ਬਣਾਉਣ, ਤਕਨੀਕੀ ਮੁਹਾਰਤ ਨੂੰ ਮਜ਼ਬੂਤ ਕਰਨ ਅਤੇ ਮੁਕਾਬਲਿਆਂ ਦੌਰਾਨ ਅਨੁਸ਼ਾਸਨ ਅਤੇ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਸਿਧਾਂਤਕ ਅਤੇ ਵਿਵਹਾਰਕ ਮੁਲਾਂਕਣਾਂ ਰਾਹੀਂ ਐਲਾਨੇ ਗਏ ਪ੍ਰਮਾਣਿਤ ਰੈਫਰੀ ਅਤੇ ਜੱਜ ਹੀ ਰਾਸ਼ਟਰੀ ਚੈਂਪੀਅਨਸ਼ਿਪਾਂ ਅਤੇ ਪ੍ਰਮੁੱਖ ਮੁਕਾਬਲਿਆਂ ਵਿੱਚ ਭੂਮਿਕਾ ਨਿਭਾਉਣਗੇ।
ਗੱਤਕਾ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਇਹ ਰਿਫਰੈਸ਼ਰ ਕੋਰਸ ਅਤੇ ਪ੍ਰੀਖਿਆ ਗੱਤਕਾ ਖੇਡ ਨੂੰ ਅੰਤਰਰਾਸ਼ਟਰੀ ਮਿਆਰਾਂ ‘ਤੇ ਲਿਜਾਣ ਦੀ ਇੱਕ ਲੰਬੇ ਸਮੇਂ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਲਾ ਰਾਸ਼ਟਰੀ ਗੱਤਕਾ ਰਿਫਰੈਸ਼ਰ ਕੋਰਸ ਜਨਵਰੀ ਮਹੀਨੇ ਛੱਤੀਸਗੜ੍ਹ ਦੇ ਭਿਲਾਈ ਸ਼ਹਿਰ ਵਿੱਚ ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨ ਛੱਤੀਸਗੜ੍ਹ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ। ਗਰੇਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿਖਲਾਈ ਪ੍ਰਾਪਤ ਅਤੇ ਪ੍ਰਮਾਣਿਤ ਗੱਤਕਾ ਆਫੀਸ਼ੀਅਲਾਂ ਦੀ ਗਿਣਤੀ ਵਧਾਉਣ ਲਈ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਇੱਕ ਹੋਰ ਮਹੱਤਵਪੂਰਨ ਐਲਾਨ ਵਿੱਚ ਗਰੇਵਾਲ ਨੇ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅੰਤਰਰਾਸ਼ਟਰੀ ਨਿਯਮਾਂਵਲੀ ਦਾ ਸੋਧਿਆ ਹੋਇਆ ਪੰਜਵਾਂ ਐਡੀਸ਼ਨ ਜਲਦੀ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਪਡੇਟ ਕੀਤੇ ਗਏ ਇਸ ਸੰਸਕਰਣ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੌਰਾਨ ਪ੍ਰਾਪਤ ਹੋਏ ਸੁਧਾਰਾਂ ਅਤੇ ਵਿਹਾਰਕ ਤਜ਼ਰਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਖਿਡਾਰੀਆਂ, ਆਫੀਸ਼ੀਅਲਾਂ ਅਤੇ ਪ੍ਰਬੰਧਕਾਂ ਲਈ ਇੱਕ ਅਧਿਕਾਰਤ ਸੰਦਰਭ ਦਸਤਾਵੇਜ਼ ਵਜੋਂ ਕੰਮ ਕਰੇਗੀ।
ਵੱਖ-ਵੱਖ ਰਾਜਾਂ ਤੋਂ ਪੁੱਜੇ ਰੈਫਰੀਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਇਸ ਕੋਰਸ ਨੂੰ ਇੱਕ ਬਿਹਤਰ ਅਤੇ ਸਿੱਖਣ ਲਈ ਬਹੁਤ ਹੀ ਲਾਭਦਾਇਕ ਮੌਕਾ ਦੱਸਿਆ। ਛੱਤੀਸਗੜ੍ਹ ਤੋਂ ਅਮਨ ਸਿੰਘ, ਮਹਾਰਾਸ਼ਟਰ ਤੋਂ ਪਾਂਡੂਰੰਗ ਅੰਬੂਰੇ, ਪੰਜਾਬ ਤੋਂ ਗੁਰਵਿੰਦਰ ਸਿੰਘ ਘਨੌਲੀ ਅਤੇ ਹਰਿਆਣਾ ਤੋਂ ਹਰਨਾਮ ਸਿੰਘ ਨੇ ਕਿਹਾ ਕਿ ਵਿਸਤ੍ਰਿਤ ਸਿਧਾਂਤਕ ਜਾਣਕਾਰੀ ਅਤੇ ਵਿਹਾਰਕ ਸੈਸ਼ਨਾਂ ਦੇ ਸੁਮੇਲ ਸਦਕਾ ਉਨ੍ਹਾਂ ਨੂੰ ਆਫੀਸ਼ੀਏਟਿੰਗ ਪ੍ਰੋਟੋਕੋਲ, ਟੂਰਨਾਮੈਂਟ ਪ੍ਰਬੰਧਨ ਅਤੇ ਮੈਦਾਨੀ ਫੈਸਲੇ ਲੈਣ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮੱਦਦ ਮਿਲੀ ਹੈ।
ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟਸ ਕੌਂਸਲ ਦੇ ਵਾਈਸ ਚੇਅਰਮੈਨ ਸੁਖਚੈਨ ਸਿੰਘ ਕਲਸਾਨੀ ਨੇ ਕਿਹਾ ਕਿ ਐਨ.ਜੀ.ਏ.ਆਈ. ਨੇ ਗੱਤਕੇ ਵਿੱਚ ਇੱਕ ਢਾਂਚਾਗਤ ਸ਼ਾਸਨ ਪ੍ਰਣਾਲੀ, ਜਵਾਬਦੇਹੀ ਅਤੇ ਪੇਸ਼ੇਵਰ ਪਹੁੰਚ ਦੀ ਸਪੱਸ਼ਟ ਸੇਧ ਦਿੱਤੀ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਅਨੁਸ਼ਾਸਿਤ ਅਤੇ ਵਿਸ਼ਵ-ਪੱਧਰੀ ਮੁਕਾਬਲਿਆਂ ਲਈ ਰਾਹ ਪੱਧਰਾ ਕਰੇਗੀ।
ਇਸ ਮੌਕੇ ਐਨ.ਜੀ.ਏ.ਆਈ. ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਅਤੇ ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਸੰਯੁਕਤ ਸਕੱਤਰ ਬਲਜੀਤ ਸਿੰਘ ਨੇ ਵੀ ਗੱਤਕੇ ਦੇ ਵਧ ਰਹੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਸਾਰ ਦੇ ਨਾਲ ਤਾਲਮੇਲ ਰੱਖਣ ਲਈ ਅਜਿਹੇ ਪ੍ਰੋਗਰਾਮਾਂ ਰਾਹੀਂ ਨਿਰੰਤਰ ਸਮਰੱਥਾ ਵਿਕਾਸ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
