ਮਾਨ ਸਰਕਾਰ ਦੇ ਉਪਰਾਲੇ ਸਦਕਾ ਨਹਿਰ ਦਾ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਿਆ
ਖਾਲਾ ਨੂੰ ਬਹਾਲ ਕਰਕੇ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਿਆ
ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ, ਜਿੱਥੇ ਕਿਸਾਨੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਣੀ ਦੀ ਘਾਟ ਦੇ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਪੰਜਾਬ ਦੇ ਕਿਸਾਨ, ਜਿਨ੍ਹਾਂ ਨੇ ਹਰੀ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਹੁਣ ਧਰਤੀ ਹੇਠਲੇ ਪਾਣੀ ਦੀ ਗੰਭੀਰ ਕਮੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਸਿੰਚਾਈ ਦੇ ਟਿਕਾਊ ਹੱਲਾਂ ਦੀ ਲੋੜ ਨੂੰ ਸਮਝਦਿਆਂ, ਨਹਿਰਾਂ ਦਾ ਪਾਣੀ ਸਭ ਤੋਂ ਦੂਰ-ਦਰਾਡੇ ਖੇਤਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਸਫਲਤਾਪੂਰਵਕ 15,914 ਜਲ ਮਾਰਗਾਂ ਦੀ ਮੁਰੰਮਤ ਕੀਤੀ ਹੈ। ਪਿਛਲੇ 40 ਸਾਲਾਂ ਵਿੱਚ ਪਹਿਲੀ ਵਾਰ 20 ਨਹਿਰਾਂ ਵਿੱਚ ਪਾਣੀ ਵਗਿਆ ਹੈ, ਜੋ ਪ੍ਰਸ਼ਾਸਨ ਲਈ ਇੱਕ ਵੱਡੀ ਉਪਲਬਧੀ ਹੈ।
ਇਨ੍ਹਾਂ ਯਤਨਾਂ ਨਾਲ 916 ਮਾਈਨਰਾਂ ਅਤੇ ਨਹਿਰਾਂ ਨੂੰ ਪਾਣੀ ਦੀ ਸਪਲਾਈ ਮੁਹੱਈਆ ਹੋਈ ਹੈ, ਜਿਸ ਨਾਲ ਉਹਨਾਂ ਖੇਤਰਾਂ ਨੂੰ ਰਾਹਤ ਮਿਲੀ ਹੈ ਜਿਨ੍ਹਾਂ ਨੂੰ 35-40 ਸਾਲਾਂ ਵਿੱਚ ਪਾਣੀ ਨਹੀਂ ਮਿਲਿਆ ਸੀ। ਇਸ ਤੋਂ ਇਲਾਵਾ, ਸਰਕਾਰ ਨੇ 2,400 ਕਿਲੋਮੀਟਰ ਅੰਡਰਗ੍ਰਾਊਂਡ ਪਾਈਪਲਾਈਨ ਬਿਛਾਈ ਹੈ, ਜਿਸ ਨਾਲ 30,282 ਹੈਕਟੇਅਰ ਖੇਤੀਬਾੜੀ ਯੋਗ ਜ਼ਮੀਨ ਨੂੰ ਫਾਇਦਾ ਹੋਇਆ ਹੈ। ਕਿਸਾਨਾਂ ਦੀ ਸਹਾਇਤਾ ਲਈ, ਸਰਕਾਰ ਵੱਲੋਂ ਕਿਸਾਨਾਂ ਦੇ ਗਰੁੱਪਾਂ ਲਈ 90 ਫੀਸਦੀ ਅਤੇ ਇਕੱਲੇ ਕਿਸਾਨਾਂ ਲਈ 50 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਦੇ ਨਾਲ-ਨਾਲ, ਤਕਰੀਬਨ 6,000 ਹੈਕਟੇਅਰ ਜ਼ਮੀਨ ਨੂੰ ਡ੍ਰਿਪ ਅਤੇ ਸਪ੍ਰਿੰਕਲਰ ਸਿੰਚਾਈ ਵਿਚ ਬਦਲਿਆ ਗਿਆ ਹੈ, ਜਿਸ ‘ਤੇ 90 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਮਾਨ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਕਿਸਾਨਾਂ ਨੂੰ ਜ਼ਮੀਨੀ ਪਾਣੀ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਦਿਆਂ ਨਹਿਰਾਂ ਅਤੇ ਸਤਹ ਪਾਣੀ ਦੀ ਵਰਤੋਂ ਲਈ ਉਤਸ਼ਾਹਿਤ ਕਰ ਰਹੀ ਹੈ।
ਇਸ ਤੋਂ ਇਲਾਵਾ 125 ਪਿੰਡਾਂ ਵਿੱਚ ਸੋਲਰ-ਲਿਫਟ ਸਿੰਚਾਈ ਪ੍ਰਾਜੈਕਟਾਂ ਨੂੰ ਲਾਗੂ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੋਖਰਾਂ ਦੇ ਪਾਣੀ ਦੀ ਵਰਤੋਂ ਕਰਕੇ ਜ਼ਮੀਨੀ ਪਾਣੀ ‘ਤੇ ਨਿਰਭਰਤਾ ਘਟਾਈ ਗਈ ਹੈ।
ਮਾਨ ਸਰਕਾਰ ਦੇ ਇਸ ਉਪਰਾਲੇ ਨੂੰ ਕਿਸਾਨ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਟਿਕਾਊ ਕਿਸਾਨੀ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਮਿਲੀ ਹੈ ਅਤੇ ਪੰਜਾਬ ਦੇ ਹਰ ਖੇਤ ਤੱਕ ਪਾਣੀ ਪਹੁੰਚਾਉਣਾ ਯਕੀਨੀ ਬਣਾਇਆ ਗਿਆ ਹੈ।