ਚੰਡੀਗੜ੍ਹ, 09 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਨੂੰ ਸੌਂਪਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਕਟਾਰੀਆ ਨੇ ਇਹ ਵੀ ਕਿਹਾ ਕਿ ਪੰਜਾਬ ਤੇ ਹਰਿਆਣਾ ਵਿਚ ਚੱਲ ਰਹੇ ਨਹਿਰੀ ਪਾਣੀ (ਐੱਸਵਾਈਐੱਲ) ਵਿਵਾਦ ਨੂੰ ਵੀ ਉਹ ਹੱਲ ਨਹੀਂ ਕਰਵਾ ਸਕਦੇ ਕਿਉਕਿ ਇਹ ਮਸਲਾ ਅਦਾਲਤ ਦੇ ਵਿਚਾਰ ਅਧੀਨ ਹੈ ਪਰ ਕੇਂਦਰ ਸਰਕਾਰ ਹੀ ਇਹ ਮਸਲਾ ਨਿਬੇੜ ਸਕਦੀ ਹੈ, ਉਹ ਤਾਂ ਸਿਰਫ਼ ਆਪਣਾ ਸੁਝਾਅ ਦੇ ਸਕਦੇ ਹਨ। ਕਟਾਰੀਆ ਵੀਰਵਾਰ ਨੂੰ ਪ੍ਰੈੱਸ ਨੂੰ ਮਿਲੋ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਚੰਡੀਗੜ੍ਹ ਵਿਚ ਵੱਖ-ਵੱਖ ਅਸਾਮੀਆਂ ’ਤੇ ਪੰਜਾਬ ਕਾਡਰ ਦੇ ਅਧਿਕਾਰੀਆਂ ਦੀ ਬਜਾਏ ਯੂਟੀ ਕਾਡਰ ਦੇ ਅਧਿਕਾਰੀਆਂ ਦੀ ਤਾਇਨਾਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਰਾਜਪਾਲ ਕਟਾਰੀਆ ਨੇ ਕਿਹਾ ਕਿ ਯੂਟੀ ਦਾ ਐੱਸਐੱਸਪੀ ਪੰਜਾਬ ਕਾਡਰ ਦਾ ਅਧਿਕਾਰੀ ਲੱਗਦਾ ਹੈ, ਭਵਿੱਖ ਵਿਚ ਵੀ ਪੰਜਾਬ ਕਾਡਰ ਦਾ ਆਈਪੀਐੱਸ ਅਧਿਕਾਰੀ ਹੀ ਲੱਗੇਗਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਕਈ ਵਾਰ ਯੂਟੀ ਕਾਡਰ ਦੇ ਅਫ਼ਸਰ ਟਰਾਂਸਫਰ (ਬਦਲੀ) ਹੋ ਕੇ ਇੱਥੇ ਆਉਦੇ ਹਨ, ਉਨ੍ਹਾਂ ਦੀ ਨਿਯੁਕਤੀ ਵਿਚ ਕੁਝ ਨਹੀਂ ਕਰ ਸਕਦਾ।
ਉਨ੍ਹਾਂ ਅੱਗੇ ਕਿਹਾ ਕਿ ਨਿਯਮਾਂ ਤਹਿਤ ਕਰਮਚਾਰੀ, ਅਧਿਕਾਰੀ ਯੂਟੀ ਵਿਚ ਦੋ ਸਾਲ ਲਈ ਡੈਪੂਟੇਸ਼ਨ ’ਤੇ ਆਉਂਦੇ ਹਨ ਪਰ ਉਹ ਸੱਤ-ਅੱਠ ਸਾਲ ਤੱਕ ਲੱਗੇ ਰਹਿੰਦੇ ਹਨ ਤੇ ਮੁੜ ਪਿੱਤਰੀ ਰਾਜ ਵਿਚ ਨਹੀਂ ਜਾਂਦੇ। ਇਸ ਲਈ ਉਨ੍ਹਾਂ ਨੇ ਅਜਿਹੀ ਮੁਲਾਜ਼ਮਾਂ ਦੇ ਕੰਮ ਦੀ ਸਮੀਖਿਆ ਕਰਨੀ ਸ਼ੁਰੂ ਕੀਤੀ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਕਿ ਯੂਟੀ ਵਿਚ 60-40 ਅਨੁਪਾਤ (ਪੰਜਾਬ ਤੇ ਹਰਿਆਣਾ) ਅਨੁਸਾਰ ਹੀ ਮੁਲਾਜ਼ਮਾਂ ਦੀ ਤਾਇਨਾਤੀ ਹੋਵੇ।
ਰਾਜਪਾਲ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੈਦਲ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਸਰਕਾਰ ਨੇ ਇਹ ਮੁਹਿੰਮ ਸ਼ੁਰੂ ਕੀਤੀ ਤੇ ਵੱਡੀ ਗਿਣਤੀ ਵਿਚ ਨਸ਼ਾ ਤਸ਼ਕਰਾਂ ਦੀ ਗ੍ਰਿਫ਼ਤਾਰੀ ਵੀ ਹੋਈ ਹੈ। ਰਾਜਪਾਲ ਨੇ ਕਿਹਾ ਕਿ ਨਸ਼ਾ ਪੂਰੀ ਤਰ੍ਹਾਂ ਖ਼ਤਮ ਨਹੀ ਹੋਇਆ ਅਤੇ ਨਸ਼ਾ ਖ਼ਤਮ ਕਰਨ ਲਈ ਸਮਾਜਿਕ ਜਥੇਬੰਦੀਆਂ ਨੂੰ ਇਕਜੁਟਤਾ ਨਾਲ ਨਸ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕਰ ਕੇ ਲੋਕ ਲਹਿਰ ਪੈਦਾ ਕਰਨੀ ਚਾਹੀਦੀ ਹੈ, ਇਕੱਲੇ ਕਾਨੰਨ ਦੇ ਡਰ ਨਾਲ ਨਸ਼ੇ ਖ਼ਤਮ ਨਹੀਂ ਕੀਤੇ ਜਾ ਸਕਦੇ। ਸੂਬੇ ਵਿਚ ਗੈਗਸਟਰਾਂ ਦੇ ਵੱਧ ਰਹੇ ਦਬਾਅ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਫੜ੍ਹਨਾ ਜਰੂਰੀ ਹੈ। ਕਟਾਰੀਆ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਾਫ਼ੀ ਹੱਦ ਤੱਕ ਨਕੇਲ ਪਈ ਹੈ ਪਰ ਕਈ ਵਾਰ ਲੋਕਾਂ ਦੀ ਦਿਆਲਤਾ ਕਰ ਕੇ ਕੇਸ ਅਦਾਲਤ ਵਿਚ ਹਾਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਖਿਲਾਫ਼ ਸਖ਼ਤ ਹੋਣ ਦੀ ਜ਼ਰੂਰਤ ਹੈ ਤਾਂ ਹੀ ਇਹ ਕੋਹੜ ਖ਼ਤਮ ਹੋ ਸਕਦਾ ਹੈ।
ਐਂਟੀ ਖ਼ਬਰਾਂ ਨੂੰ ਧਿਆਨ ਨਾਲ ਪੜ੍ਹਦਾ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਅਖ਼ਬਾਰਾਂ ਨੂੰ ਧਿਆਨ ਨਾਲ ਖਾਸਕਰਕੇ ਐਂਟੀ ਖ਼ਬਰਾਂ ਨੂੰ ਬਹੁਤ ਧਿਆਨ ਨਾਲ ਪੜ੍ਹਦੇ ਹਨ ਕਿਉਂਕਿ ਇਸ ਨਾਲ ਸੁਧਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ। ਉਨ੍ਹਾਂ ਪੱਤਰਕਾਰਾਂ ’ਤੇ ਕੇਸ ਦਰਜ਼ ਕਰਨ ’ਤੇ ਵੀ ਅਫਸੋਸ ਜਾਹਿਰ ਕੀਤਾ। ਕਟਾਰੀਆ ਨੇ ਆਪਣੇ ਰਾਜਨੀਤਿਕ ਤੇ ਜੀਵਨ ਬਾਰੇ ਚਾਨਣਾ ਪਾਉਦਿਆ ਕਿਹਾ ਕਿ ਉਹ ਸ਼ੁਰੂ ਤੋਂ ਆਰ.ਐੱਸ.ਐੱਸ ਨਾਲ ਜੁੜੇ ਹੋਏ ਹਨ ਅਤੇ ਆਰ.ਐੱਸ.ਐੱਸ ਨਾਲ ਜੁੜਨ ਕਰਕੇ ਜ਼ਿੰਦਗ਼ੀ ਵਿਚ ਕਈ ਉਤਰਾਅ ਚੜ੍ਹਾਅ ਆਏ। ਉਨ੍ਹਾਂ ਕਿਹਾ ਕਿ ਉਹ ਇਕ ਨਿੱਜੀ ਸਕੂਲ ਵਿਚ ਨੌਕਰੀ ਕਰ ਰਹੇ ਸਨ ਤਾਂ ਸਕੂਲ ਦੇ ਪ੍ਰਬੰਧਕ ਨੇ ਕਿਹਾ ਕਿ ਨੌਕਰੀ ਜਾਂ ਸ਼ਾਖਾ ਵਿੱਚੋ ਇਕੋ ਚੁਣੋ ਤਾਂ ਉਹਨਾਂ (ਕਟਾਰੀਆ) ਨੇ ਨੌਕਰੀ ਛੱਡ ਦਿੱਤੀ। ਹਮੇਸ਼ਾਂ ਇਹੀ ਫ਼ੈਸਲਾ ਕੀਤਾ ਕਿ ਵਿਚਾਰਧਾਰਾ ਨਾਲ ਸਮਜੋਤਾ ਨਹੀਂ ਕਰਨਾ। ਕਟਾਰੀਆ ਨੇ ਕਿਹਾ ਕਿ ਉਹਨਾਂ ਨੂੰ ਐਮਰਜੈਂਸੀ ਦੌਰਾਨ ਜੇਲ੍ਹ ਜਾਣਾ ਪਿਆ ਸੀ। ਉਸ ਤੋਂ ਬਾਅਦ 8 ਵਾਰ ਵਿਧਾਇਕ ਅਤੇ ਇਕ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ। ਕਟਾਰੀਆ ਨੇ ਦੱਸਿਆ ਕਿ ਉਹ ਜ਼ਿੰਦਗੀ ਵਿਚ ਕੇਵਲ ਦੋ ਚੋਣਾਂ ਹੀ ਹਾਰੇ ਸਨ।
ਸੰਖੇਪ:-
