15 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਫਿਲਮ ‘ਅਕਾਲ’ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਫਿਲਮ ਨੇ 5 ਦਿਨਾਂ ਵਿੱਚ ਭਾਰਤ ਵਿੱਚ 4 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਪਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਫਿਲਮ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ, ਹਾਲਾਂਕਿ ਫਿਲਮ ਨੂੰ ਲੈ ਕੇ ਚੰਗੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਹੁਣ ਹਾਲ ਵਿੱਚ ਅਦਾਕਾਰ-ਗਾਇਕ ਗਿੱਪੀ ਗਰੇਵਾਲ ਨੇ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕੀਤੀ, ਇਸ ਦੌਰਾਨ ਉਹਨਾਂ ਨੇ ਆਪਣੀ ਕਾਰ ਕਲੈਕਸ਼ਨ ਦੀ ਗੱਲਬਾਤ ਕੀਤੀ, ਇਸ ਦੌਰਾਨ ਗਿੱਪੀ ਗਰੇਵਾਲ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਕੁੱਲ ਪੰਜ ਲਗਜ਼ਰੀ ਕਾਰਾਂ ਹਨ।
ਇਸ ਦੌਰਾਨ ਗਿੱਪੀ ਗਰੇਵਾਲ ਨੇ ਕਾਰਾਂ ਪ੍ਰਤੀ ਆਪਣੇ ਪਿਆਰ ਬਾਰੇ ਗੱਲ ਕੀਤੀ ਅਤੇ ਆਪਣੇ ਹਰੇਕ ਵਾਹਨ ਨਾਲ ਸੰਬੰਧਤ ਪਿਆਰੀਆਂ ਪਿਆਰੀਆਂ ਅਤੇ ਹਾਸੇ ਮਜ਼ਾਕ ਵਾਲੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ। ਗੱਲ ਕਰਦੇ ਹੋਏ ਗਾਇਕ ਨੇ ਕਿਹਾ, “ਮੇਰੇ ਕੋਲ ਹਮਰ ਈਵੀ, ਸਾਈਬਰਟਰੱਕ ਈਵੀ, ਟੇਸਲਾ ਐਕਸ, ਦੋ ਬੀਐਮਡਬਲਯੂ ਹਨ, ਇੱਕ ਨਵੀਂ ਐਮ3 ਹੈ ਅਤੇ ਦੂਜੀ 7 ਸੀਰੀਜ਼ ਦੀ ਹੈ।”
ਗਾਇਕ ਨੇ ਅੱਗੇ ਕਿਹਾ, “ਮੇਰਾ ਵੱਡਾ ਪੁੱਤਰ M3 ਚਲਾਉਂਦਾ ਹੈ, ਉਹ ਹੁਣ 17 ਸਾਲਾਂ ਦਾ ਹੈ। ਉਸਨੂੰ ਆਪਣਾ ਲਾਇਸੈਂਸ ਵੀ ਮਿਲ ਗਿਆ ਹੈ। ਉਸਨੂੰ ਤਾਂ ਬਸ M3 ਹੀ ਚੰਗੀ ਲੱਗਦੀ ਹੈ। ਉਹ ਕਹਿੰਦਾ ਹੈ ਕਿ ਇਹੀ ਕਾਰ ਹੈ।” ਅਦਾਕਾਰ ਨੇ ਕਿਹਾ, “ਮੇਰੇ ਪੁੱਤਰ ਦੇ 16ਵੇਂ ਜਨਮਦਿਨ ‘ਤੇ ਮੈਂ ਉਸਨੂੰ M3 ਗਿਫਟ ਕੀਤੀ। ਉਹ ਕੈਨੇਡਾ ਵਿੱਚ ਹੈ, ਇਸ ਲਈ ਸਾਨੂੰ ਉੱਥੇ 16 ਸਾਲ ਦੀ ਉਮਰ ਵਿੱਚ ਲਾਇਸੈਂਸ ਮਿਲ ਜਾਂਦਾ ਹੈ।”
ਕਿੰਨੀ ਹੈ ਗਿੱਪੀ ਗਰੇਵਾਲ ਦੀ ਗੱਡੀਆਂ ਦੀ ਕੀਮਤ
ਉਲੇਖਯੋਗ ਹੈ ਕਿ ਰਿਪੋਰਟਾਂ ਅਨੁਸਾਰ Hummer EV ਦੀ ਕੀਮਤ 3.85 ਕਰੋੜ ਹੈ। Tesla Cybertruck ਦੀ ਕੀਮਤ 50.70 ਲੱਖ ਅਤੇ BMW M3 ਦੀ ਕੀਮਤ 1.47 ਕਰੋੜ ਹੈ । BMW 7 ਸੀਰੀਜ਼ ਦੀ ਕੀਮਤ 2.27-2.31 ਕਰੋੜ ਦੇ ਵਿਚਕਾਰ ਹੈ, ਇਸ ਤੋਂ ਇਲਾਵਾ Tesla X ਦੀ ਕੀਮਤ ਲਗਭਗ 2 ਕਰੋੜ ਹੈ।
ਗਿੱਪੀ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਗਾਇਕ ਦਾ ਵਿਆਹ ਰਵਨੀਤ ਕੌਰ ਨਾਲ ਹੋਇਆ ਹੈ। ਜੋੜੇ ਦੇ ਤਿੰਨ ਪੁੱਤਰ ਹਨ, ਏਕਮ ਗਰੇਵਾਲ, ਸ਼ਿੰਦਾ ਗਰੇਵਾਲ ਅਤੇ ਗੁਰਬਾਜ਼ ਗਰੇਵਾਲ।
ਫਿਲਮ ‘ਅਕਾਲ’ ਬਾਰੇ
ਗਿੱਪੀ ਗਰੇਵਾਲ ਇਸ ਸਮੇਂ ਪੰਜਾਬੀ ਫਿਲਮ ‘ਅਕਾਲ’ ਕਾਰਨ ਚਰਚਾ ਵਿੱਚ ਹਨ, ਜਿਸਨੂੰ ਉਸਨੇ ਖੁਦ ਹੀ ਲਿਖਿਆ ਅਤੇ ਨਿਰਦੇਸ਼ਤ ਕੀਤਾ ਹੈ। ਇਹ 10 ਅਪ੍ਰੈਲ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਫਿਲਮ ਨਿਰਮਾਤਾ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਨੇ ‘ਅਕਾਲ’ ਲਈ ਗਿੱਪੀ ਨਾਲ ਆਪਣੇ ਸਹਿਯੋਗ ਦਾ ਐਲਾਨ ਕੀਤਾ ਸੀ। ਇਹ ਧਰਮਾ ਦਾ ਪੰਜਾਬੀ ਸਿਨੇਮਾ ਵਿੱਚ ਪਹਿਲਾਂ ਕਦਮ ਹੈ।
ਸੰਖੇਪ: ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਕੋਲ ਮੌਜੂਦ ਹਨ ਪੰਜ ਮਹਿੰਗੀਆਂ ਤੇ ਸ਼ਾਨਦਾਰ ਕਾਰਾਂ। ਉਨ੍ਹਾਂ ਦੀਆਂ ਗੱਡੀਆਂ ਦੀ ਕੀਮਤ ਕ੍ਰੋੜਾਂ ’ਚ ਹੈ, ਜੋ ਕਿਸੇ ਵੀ ਵਾਹਨ ਪ੍ਰੇਮੀ ਨੂੰ ਹੈਰਾਨ ਕਰ ਸਕਦੀ ਹੈ।