ਚੰਡੀਗੜ੍ਹ 15 ਜਨਵਰੀ (ਪੰਜਾਬੀ ਖਬਰਨਾਮਾ) ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਕਥਿਤ ਘੁਟਾਲਾ ਉਨ੍ਹਾਂ ਦੇ ਜੰਗਲਾਤ ਮੰਤਰੀ ਦੇ ਕਾਰਜਕਾਲ ਦੌਰਾਨ ਸਾਹਮਣੇ ਆਇਆ ਸੀ। ਪੰਜਾਬ ਵਿਜੀਲੈਂਸ ਬਿਊਰੋ ਦੁਆਰਾ ਸ਼ੁਰੂ ਕੀਤੀ ਗਈ ਜਾਂਚ ਹੁਣ ਈਡੀ ਦੁਆਰਾ ਵਿੱਤੀ ਜਾਂਚ ਤੱਕ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀ ਨੇ ਸਾਧੂ ਸਿੰਘ ਦੀ ਇਹ ਗ੍ਰਿਫਤਾਰੀ ਪੰਜਾਬ ‘ਚ ਜੰਗਲਾਤ ਵਿਭਾਗ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਕੀਤੀ ਹੈ।
ਇਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦੋ ਗ੍ਰਿਫ਼ਤਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸ਼ੁਰੂ ਵਿੱਚ, ਉਸਨੇ ਜੰਗਲਾਤ ਘੁਟਾਲੇ ਦੇ ਸਬੰਧ ਵਿੱਚ ਜੇਲ ਕੱਟੀ। ਇਸ ਤੋਂ ਬਾਅਦ, ਉਸ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪਿਆ।
ਦੱਸ ਦਈਏ ਕਿ ਬੀਤੇ ਸਾਲ 30 ਨਵੰਬਰ ਨੂੰ ਈਡੀ ਨੇ ਪੰਜਾਬ ਸਰਕਾਰ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਜੋਤ ਅਤੇ ਸੰਗਤ ਸਿੰਘ ਗਿਲਜੀਆਂ ਸਮੇਤ ਕਈ ਹੋਰ ਦੋਸ਼ੀਆਂ ਖਿਲਾਫ ਸਰਚ ਆਪਰੇਸ਼ਨ ਚਲਾਇਆ ਸੀ।